ਖ਼ੂਨੀ ‘ਚੀਨੀ ਡੋਰ’ ਦਾ ਕਹਿਰ: ਪੰਜਾਬ ਪੁਲੀਸ ਨੇ ਜਾਰੀ ਕੀਤੀ ‘ਮਫ਼ਲਰ ਸਟ੍ਰੈਟਜੀ’

ਖ਼ੂਨੀ ‘ਚੀਨੀ ਡੋਰ’ ਦਾ ਕਹਿਰ: ਪੰਜਾਬ ਪੁਲੀਸ ਨੇ ਜਾਰੀ ਕੀਤੀ ‘ਮਫ਼ਲਰ ਸਟ੍ਰੈਟਜੀ’

ਚੰਡੀਗੜ੍ਹ: ਪੰਜਾਬ ਵਿੱਚ ‘ਚੀਨੀ ਡੋਰ’ ਕਾਰਨ ਹੋ ਰਹੀਆਂ ਮੌਤਾਂ ਦੇ ਵਧਦੇ ਅੰਕੜਿਆਂ ਨੂੰ ਦੇਖਦੇ ਹੋਏ ਪੁਲੀਸ ਨੇ ਇੱਕ ਅਨੋਖੀ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਨੂੰ ‘ਮਫ਼ਲਰ ਸਟ੍ਰੈਟਜੀ’ (Muffler Strategy) ਦਾ ਨਾਂ ਦਿੱਤਾ ਗਿਆ ਹੈ। ਪੁਲੀਸ ਨੇ ਦੋ ਪਹੀਆ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕ ’ਤੇ ਨਿਕਲਣ ਵੇਲੇ ਆਪਣੇ ਗਲੇ ਦੁਆਲੇ ਮਫ਼ਲਰ ਜ਼ਰੂਰ ਲਪੇਟਣ ਤਾਂ ਜੋ ਇਸ ਤੇਜ਼ਧਾਰ ਡੋਰ ਤੋਂ ਬਚਿਆ ਜਾ ਸਕੇ।

ਇਸ ਦੇ ਨਾਲ ਹੀ ਪੁਲੀਸ ਵੱਲੋਂ ਫਲਾਈਓਵਰਾਂ ’ਤੇ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਉਚਾਈ ਵਾਲੀਆਂ ਥਾਵਾਂ ’ਤੇ ਬਿਜਲੀ ਦੇ ਖੰਭਿਆਂ ਜਾਂ ਰੇਲਿੰਗਾਂ ਵਿੱਚ ਫਸੀ ਡੋਰ ਵਧੇਰੇ ਖ਼ਤਰਨਾਕ ਸਾਬਤ ਹੁੰਦੀ ਹੈ। ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਵਾਹਨਾਂ ਦੇ ਰੂਟ ਡਾਇਵਰਟ ਕਰਦੇ ਵੀ ਦੇਖਿਆ ਗਿਆ। ਚੀਨੀ ਡੋਰ ਦੇ ਕਹਿਰ ਨੇ ਪਿਛਲੇ ਕੁਝ ਦਿਨਾਂ ਵਿੱਚ ਕਈ ਹੱਸਦੇ-ਖੇਡਦੇ ਪਰਿਵਾਰ ਉਜਾੜ ਦਿੱਤੇ ਹਨ। ਸਮਰਾਲਾ ਦੇ ਇੱਕ ਨੌਜਵਾਨ ਅਤੇ ਲੁਧਿਆਣਾ ਦੀ ਸਰਬਜੀਤ ਕੌਰ ਦੀ ਗਰਦਨ ਵਿੱਚ ਡੋਰ ਫਸਣ ਕਾਰਨ ਦਰਦਨਾਕ ਮੌਤ ਹੋ ਗਈ। ਭਾਵੇਂ ਚੀਨੀ ਡੋਰ ਦੀ ਵਿਕਰੀ ’ਤੇ ਪਾਬੰਦੀ ਹੈ, ਪਰ ਫਿਰ ਵੀ ਇਸ ਦੀ ਗੈਰ-ਕਾਨੂੰਨੀ ਵਰਤੋਂ ਜਾਰੀ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੈਣੀ ਚੂਹੜ ਸਿੰਘ ਦੀ ਪੰਚਾਇਤ ਨੇ ਇੱਕ ਮਿਸਾਲੀ ਕਦਮ ਚੁੱਕਦਿਆਂ ਪਿੰਡ ਦੀ ਹੱਦ ਅੰਦਰ ਪਤੰਗਬਾਜ਼ੀ ’ਤੇ ਮੁਕੰਮਲ ਪਾਬੰਦੀ ਲਗਾਉਣ ਦਾ ਮਤਾ ਪਾਸ ਕਰ ਦਿੱਤਾ ਹੈ ਤਾਂ ਜੋ ਰਾਹਗੀਰਾਂ ਅਤੇ ਪਿੰਡ ਵਾਸੀਆਂ ਦੀ ਜਾਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

Share: