ਯੂ ਐੱਨ ਸਕੱਤਰ ਜਨਰਲ ਨੇ ਵਪਾਰਕ ਅਤੇ ਤਕਨੀਕੀ ਸਹਿਯੋਗ ’ਤੇ ਜ਼ੋਰ ਦਿੱਤਾ

ਯੂ ਐੱਨ ਸਕੱਤਰ ਜਨਰਲ ਨੇ ਵਪਾਰਕ ਅਤੇ ਤਕਨੀਕੀ ਸਹਿਯੋਗ ’ਤੇ ਜ਼ੋਰ ਦਿੱਤਾ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸਾਲ 2026 ਲਈ ਆਪਣੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਭਾਰਤ ਅਤੇ ਯੂਰਪੀਅਨ ਯੂਨੀਅਨ (ਈਯੂ) ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ (FTA) ਦਾ ਵਿਸ਼ੇਸ਼ ਹਵਾਲਾ ਦਿੱਤਾ ਅਤੇ ‘ਬਹੁ-ਧਰੁਵੀ’ (multi-polarity) ਵਿਸ਼ਵ ਵਿਵਸਥਾ ਦਾ ਸਮਰਥਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਅਮਰੀਕਾ ਅਤੇ ਚੀਨ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਸਮੱਸਿਆਵਾਂ ਦਾ ਹੱਲ ਕਿਸੇ ਇੱਕ ਸ਼ਕਤੀ ਦੇ ਹੁਕਮ ਚਲਾਉਣ ਨਾਲ ਨਹੀਂ ਨਿਕਲੇਗਾ ਅਤੇ ਨਾ ਹੀ ਦੋ ਸ਼ਕਤੀਆਂ ਵੱਲੋਂ ਦੁਨੀਆ ਨੂੰ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਵੰਡਣ ਨਾਲ ਹੋਵੇਗਾ। ਗੁਟੇਰੇਜ਼ ਨੇ ਕਿਹਾ ਕਿ ਜੇ ਅਸੀਂ ਇੱਕ ਸਥਿਰ ਦੁਨੀਆ, ਸਥਾਈ ਸ਼ਾਂਤੀ ਅਤੇ ਸਰਬਪੱਖੀ ਵਿਕਾਸ ਚਾਹੁੰਦੇ ਹਾਂ, ਤਾਂ ਸਾਨੂੰ ਵੱਖ-ਵੱਖ ਦੇਸ਼ਾਂ ਵਿਚਾਲੇ ਵਪਾਰ, ਤਕਨਾਲੋਜੀ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਸੰਘਣੇ ਨੈੱਟਵਰਕ ਦੀ ਲੋੜ ਹੈ, ਜਿਵੇਂ ਕਿ ਹਾਲ ਹੀ ਵਿੱਚ ਭਾਰਤ-ਈਯੂ, ਈਯੂ-ਮਰਕੋਸਰ ਅਤੇ ਚੀਨ-ਕੈਨੇਡਾ ਵਰਗੇ ਸਮਝੌਤੇ ਦੇਖਣ ਨੂੰ ਮਿਲੇ ਹਨ। ਦੱਸਣਯੋਗ ਹੈ ਕਿ ਭਾਰਤ ਅਤੇ ਯੂਰੋਪੀਅਨ ਯੂਨੀਅਨ ਨੇ ਹਾਲ ਹੀ ਵਿੱਚ ਦੋ ਬਿਲੀਅਨ ਲੋਕਾਂ ਦੀ ਮਾਰਕੀਟ ਬਣਾਉਣ ਲਈ ਇੱਕ ਇਤਿਹਾਸਕ ਵਪਾਰ ਸਮਝੌਤੇ ‘ਤੇ ਦਸਤਖਤ ਕੀਤੇ ਹਨ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰਪੀਅਨ ਆਗੂਆਂ ਨੇ ਵਿਸ਼ਵ ਵਿਵਸਥਾ ਦੀ ਰੱਖਿਆ ਲਈ ਇੱਕ ਵੱਡਾ ਕਦਮ ਦੱਸਿਆ ਹੈ। ਗੁਤੇਰੇਸ ਨੇ ਸਪੱਸ਼ਟ ਕੀਤਾ ਕਿ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀ ਮੁੱਖ ਜ਼ਿੰਮੇਵਾਰੀ ਸਿਰਫ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਕੋਲ ਹੈ, ਅਤੇ ਕਿਸੇ ਹੋਰ ਸੰਸਥਾ ਜਾਂ ਗਠਜੋੜ ਕੋਲ ਅੰਤਰਰਾਸ਼ਟਰੀ ਕਾਨੂੰਨ ਤਹਿਤ ਅਜਿਹੇ ਫੈਸਲੇ ਲੈਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ।

Share: