ਵੈਨਕੂਵਰ: ਲੰਮਾ ਸਮਾਂ ਹੇਠਲੇ ਪੱਧਰ ’ਤੇ ਟਿਕੇ ਰਹਿਣ ਮਗਰੋਂ ਕੈਨੇਡੀਅਨ ਡਾਲਰ ਦਿਨੋ ਦਿਨ ਮਜ਼ਬੂਤੀ ਫੜਨ ਲੱਗਾ ਹੈ। ਕਰੰਸੀ ਐਕਸਚੇਂਜ ਐਪ ਮੁਤਾਬਕ ਇਕ ਕੈਨੇਡੀਅਨ ਡਾਲਰ ਦਾ ਮੁੱਲ 68 ਭਾਰਤੀ ਰੁਪਏ ਹੋ ਗਿਆ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਵੀ ਕੈਨੇਡਿਆਈ ਡਾਲਰ ਮਜ਼ਬੂਤ ਹੋਇਆ ਹੈ ਤੇ 74 ਸੈਂਟ ਤੋਂ ਥੋੜ੍ਹਾ ਉਪਰ ਹੋ ਗਿਆ ਹੈ, ਜਦ ਕਿ ਤਿੰਨ ਕੁ ਮਹੀਨੇ ਇਹ 68 ਅਮਰਕੀਨ ਸੈਂਟਾਂ ਦੇ ਨੇੜੇ ਤੇੜੇ ਸੀ।
ਆਰਥਿਕ ਮਾਹਰ ਕੈਨੇਡੀਅਨ ਡਾਲਰ ਦੀ ਮਜ਼ਬੂਤੀ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਿੱਤੀ ਮੁਹਾਰਤ ਅਤੇ ਸਫਲ ਨੀਤੀਆਂ ਨਾਲ ਜੋੜ ਕੇ ਦੇਖ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਸ਼ਰਤਾਂ ਮੂਹਰੇ ਗੋਡੇ ਟੇਕਣ ਦੀ ਥਾਂ ਪ੍ਰਧਾਨ ਮੰਤਰੀ ਵਲੋਂ ਆਲਮੀ ਨਿਰਭਰਤਾ ਘਟਾ ਕੇ ਘਰੇਲੂ ਉਦਯੋਗ ਲਈ ਨਵੀਆਂ ਮੰਡੀਆਂ ਤਲਾਸ਼ੇ ਜਾਣ ਦੇ ਯਤਨਾਂ ਕਾਰਨ ਦੇਸ਼ ਦੇ ਅਰਥਚਾਰੇ ਦਾ ਰੁਝਾਨ ਮਜ਼ਬੂਤੀ ਵੱਲ ਰਿੜ ਪਿਆ ਹੈ। ਪਿਛਲ ਝਾਤ ਮਾਰੀਏ ਤਾਂ 2013-14 ਵਿੱਚ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਤੋਂ ਥੋੜਾ ਉੱਚਾ ਹੁੰਦਾ ਸੀ, ਪਰ ਤੱਤਕਾਲੀ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਵਲੋਂ ਆਪਣੀ ਸੱਤਾ ਦੇ ਆਖਰੀ ਸਾਲਾਂ ਵਿਚ ਕੁਝ ਗਲਤੀਆਂ ਕਰਕੇ ਡਾਲਰ ਹੇਠਾਂ ਵੱਲ ਰਿੜਨ ਲੱਗਾ। ਇਹ ਰੁਝਾਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੀ ਨਾ ਸੰਭਲਿਆ ਤੇ ਕੈਨੇਡੀਅਨ ਡਾਲਰ ਡਿਗਦਾ ਡਿਗਦਾ ਅਮਰੀਕਾ ਦੇ 68 ਸੈਂਟਾਂ ਦੇ ਹੇਠਲੇ ਪੱਧਰ ਤੱਕ ਚਲਾ ਗਿਆ ਸੀ। ਪਹਿਲਾਂ ਬੈਂਕ ਆਫ ਕੈਨੇਡਾ ਅਤੇ ਮਗਰੋਂ ਬੈਂਕ ਆਫ ਇੰਗਲੈਂਡ ਦਾ ਗਵਰਨਰ ਰਹਿਣ ਕਰਕੇ ਮਾਰਕ ਕਾਰਨੀ ਦੀ ਵਿੱਤੀ ਮੁਹਾਰਤ ਪ੍ਰਧਾਨ ਮੰਤਰੀ ਬਣ ਕੇ ਹੋਰ ਨਿੱਖਰ ਗਈ ਹੈ।

