ਲੁਧਿਆਣਾ: ਪਟਿਆਲਾ ਵਾਸੀ ਨੇ ਪੰਜਾਬੀ ਗੀਤਾਂ ਦੀ ਕੈਸੇਟ ਕੱਢਵਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਕਥਿਤ ਜਬਰ ਜਨਾਹ ਕੀਤਾ ਤੇ ਉਸ ਕੋਲੋਂ 1.91 ਲੱਖ ਰੁਪਏ ਵੀ ਠੱਗ ਲਏ। ਪੀੜਤ ਨੂੰ ਘਟਨਾ ਬਾਰੇ ਪੁਲੀਸ ਨੂੰ ਨਾ ਦੱਸਣ ਦੀ ਧਮਕੀ ਦਿੱਤੀ ਗਈ। ਪੀੜਤ ਨੇ ਕਿਸੇ ਤਰ੍ਹਾਂ ਹਿੰਮਤ ਕਰਕੇ ਪੁਲੀਸ ਨੂੰ ਸ਼ਿਕਾਇਤ ਕੀਤੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲੀਸ ਨੇ ਪਟਿਆਲਾ ਦੀ ਬਾਜਵਾ ਕਲੋਨੀ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਕਰ ਲਿਆ ਹੈ।
ਪੁਲੀਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲੀਸ ਨੇ ਪੀੜਤ ਦਾ ਡਾਕਟਰੀ ਮੁਆਇਨਾ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਪੀੜਤ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੁਲਜ਼ਮ ਪੰਜਾਬੀ ਗਾਣੇ ਤਿਆਰ ਕਰਦਾ ਹੈ ਤੇ ਉਹ ਪੰਜਾਬੀ ਗਾਣੇ ਗਾਉਂਦੀ ਸੀ। ਉਸ ਦੀ ਮੁਲਜ਼ਮ ਨਾਲ ਸਮਾਗਮ ਵਿੱਚ ਮੁਲਾਕਾਤ ਹੋਈ ਜਿਸ ਤੋਂ ਬਾਅਦ ਉਸ ਨੇ ਉਸ ਨੂੰ ਕੁਝ ਪੈਸਿਆਂ ਵਿੱਚ ਹੀ ਪੰਜਾਬੀ ਗਾਣਿਆਂ ਦੀ ਕੈਸੇਟ ਕੱਢਣ ਦੀ ਗੱਲ ਆਖੀ। ਉਹ ਉਸ ਦੀਆਂ ਗੱਲਾਂ ਵਿੱਚ ਆ ਗਈ। ਮੁਲਜ਼ਮ ਨੇ ਉਸ ਦਾ ਫਾਇਦਾ ਚੁੱਕਦੇ ਹੋਏ ਨਾ ਸਿਰਫ਼ ਉਸ ਕੋਲੋਂ 1 ਲੱਖ 91 ਹਜ਼ਾਰ ਰੁਪਏ ਲੈ ਲਏ, ਬਲਕਿ ਉਸ ਨਾਲ ਜਬਰ ਜਨਾਹ ਵੀ ਕੀਤਾ। ਪੰਜ ਮਹੀਨਿਆਂ ਦੀ ਜਾਂਚ ਤੋਂ ਬਾਅਦ ਆਖ਼ਰਕਾਰ ਲੁਧਿਆਣਾ ਪੁਲੀਸ ਦੇ ਅਧਿਕਾਰੀਆਂ ਦੇ ਕਹਿਣ ’ਤੇ ਥਾਣਾ ਬਸਤੀ ਜੋਧੇਵਾਲ ਵਿੱਚ ਕੇਸ ਦਰਜ ਕਰ ਲਿਆ ਹੈ।
