ਚੰਡੀਗੜ੍ਹ: ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਸ਼ਹਿਰ ਦੇ ਕਾਲਜਾਂ ਵਿਚ ਵੀ ਪੜ੍ਹਾਈ ਪ੍ਰਭਾਵਿਤ ਹੋਈ। ਜਦੋਂ ਸ਼ਹਿਰ ਦੇ ਸਕੂਲਾਂ ਵਿਚ ਬੰਬ ਦੀ ਧਮਕੀ ਆਈ ਤਾਂ ਕਾਲਜਾਂ ਦੇ ਅਧਿਆਪਕਾਂ ਨੇ ਆਪਣੀਆਂ ਜਮਾਤਾਂ ਛੱਡ ਕੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਵੱਲ ਚਾਲੇ ਪਾ ਦਿੱਤੇ ਅਤੇ ਵਿਦਿਆਰਥੀ ਲੈਕਚਰ ਲੱਗਣ ਦੀ ਉਡੀਕ ਕਰਦੇ ਰਹੇ। ਇਸ ਦੌਰਾਨ ਕਾਲਜਾਂ ਦੇ ਅਧਿਆਪਕ ਨਾ ਮੁੜਨ ਕਾਰਨ ਸਵੇਰ ਦੇ ਸਾਢੇ ਦਸ ਵਜੇ ਤੱਕ ਕਾਲਜਾਂ ਦੇ ਵਿਦਿਆਰਥੀ ਬਾਹਰ ਖੜ੍ਹੇ ਰਹੇ। ਚੰਡੀਗੜ੍ਹ ਦੇ ਇਕ ਨਿੱਜੀ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਬੱਚੇ ਸਭ ਦੀ ਤਰਜੀਹ ਹਨ, ਜਿਸ ਕਾਰਨ ਸਾਰੇ ਅਧਿਆਪਕ ਮਾਪੇ ਉਨ੍ਹਾਂ ਨੂੰ ਲੈਣ ਲਈ ਸਕੂਲਾਂ ਵਿੱਚ ਗਏ ਹਨ, ਜਿਸ ਕਰ ਕੇ ਕਾਲਜਾਂ ਦੀ ਪੜ੍ਹਾਈ ਪ੍ਰਭਾਵਿਤ ਹੋਈ।
ਉਧ ਸਿੱਖਿਆ ਵਿਭਾਗ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਸਾਰੇ ਸਕੂਲਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਬੇਲੋੜੀ ਘਬਰਾਹਟ ਪੈਦਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਜੇ ਕੋਈ ਧਮਕੀ ਭਰੀ ਈ-ਮੇਲ ਜਾਂ ਸੰਦੇਸ਼ ਪ੍ਰਾਪਤ ਹੁੰਦਾ ਹੈ, ਤਾਂ ਉਸ ਦੀ ਤੁਰੰਤ ਪੁਲੀਸ ਨੂੰ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਸਥਾਪਤ ਪ੍ਰੋਟੋਕੋਲ ਅਨੁਸਾਰ ਉਚਿਤ ਕਾਰਵਾਈ ਕੀਤੀ ਜਾ ਸਕੇ। ਸਕੂਲਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਿਨਾਂ ਕਿਸੇ ਪ੍ਰਮਾਣਿਤ ਅਧਾਰ ਦੇ ਛੁੱਟੀ ਦਾ ਐਲਾਨ ਨਾ ਕਰਨ, ਕਿਉਂਕਿ ਅਜਿਹੀਆਂ ਕਾਰਵਾਈਆਂ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਵਿੱਚ ਬੇਲੋੜੀ ਦਹਿਸ਼ਤ ਦਾ ਕਾਰਨ ਬਣ ਸਕਦੀਆਂ ਹਨ। ਸਾਰੇ ਸਕੂਲਾਂ ਨੂੰ ਨਿਯਮਤ ਅਕਾਦਮਿਕ ਕੰਮਕਾਜ ਜਾਰੀ ਰੱਖਦੇ ਹੋਏ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

