ਅਬੋਹਰ/ਸ੍ਰੀਗੰਗਾਨਗਰ: ਜੋਧਪੁਰ ਵਿੱਚ ਪਿਛਲੇ ਹਫ਼ਤੇ ਬੇਨਕਾਬ ਹੋਏ 1100 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਰੈਕੇਟ ਦੀ ਜਾਂਚ ਹੁਣ ਸ੍ਰੀਗੰਗਾਨਗਰ ਸਾਈਬਰ ਪੁਲੀਸ ਵੱਲੋਂ ਕੀਤੀ ਜਾਵੇਗੀ। ਇਹ ਮਾਮਲਾ ਸ੍ਰੀਗੰਗਾਨਗਰ ਜ਼ਿਲ੍ਹੇ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ, ਜਿੱਥੋ ਦੇ ਸੁਨੀਲ ਕੁਮਾਰ ’ਤੇ ਸਿੰਮ ਕਾਰਡ ਜਾਰੀ ਕਰਨ ਦੇ ਦੋਸ਼ ਹਨ। ਇਸ ਸਿੰਮ ਨਾ ਸਿਰਫ਼ ਸਾਈਬਰ ਧੋਖੇਬਾਜ਼ਾਂ ਤੱਕ ਪਹੁੰਚੇ ਸਗੋਂ ਕੰਬੋਡੀਆ ਤੋਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਲਈ ਵੀ ਵਰਤੇ ਗਏ।
ਪੁਲੀਸ ਨੇ ਦੱਸਿਆ ਕਿ ਇਹ ਰੈਕੇਟ ਮੁੱਖ ਤੌਰ ’ਤੇ ਕਾਂਬੋਡੀਆ ਵਿੱਚ ਚੱਲ ਰਹੇ ਕਾਲ ਸੈਂਟਰਾਂ ਤੋਂ ਚੀਨੀ ਗੈਂਗਾਂ ਵੱਲੋਂ ਚਲਾਇਆ ਜਾ ਰਿਹਾ ਸੀ। ਬੇਰੁਜ਼ਗਾਰ ਭਾਰਤੀ ਨੌਜਵਾਨਾਂ ਨੂੰ ਨੌਕਰੀ ਦੇ ਬਹਾਨੇ ਵਿਆਤਨਾਮ ਜਾਂ ਕਾਂਬੋਡੀਆ ਲਈ ਲੁਭਾਇਆ ਜਾਂਦਾ ਸੀ। ਉੱਥੇ ਉਨ੍ਹਾਂ ਨੂੰ 15 ਦਿਨਾਂ ਦੀ ਟਰੇਨਿੰਗ ਦਿੱਤੀ ਜਾਂਦੀ ਸੀ, ਉਨ੍ਹਾਂ ਦੇ ਦਸਤਾਵੇਜ਼ ਜ਼ਬਤ ਕਰ ਲਏ ਜਾਂਦੇ ਸਨ ਅਤੇ ਭਾਰਤੀ ਭਾਸ਼ਾਵਾਂ ਦੀ ਜਾਣਕਾਰੀ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਹ ਕਾਲ ਸੈਂਟਰ 1000-1500 ਲੋਕਾਂ ਨਾਲ ਚੱਲ ਰਹੇ ਸਨ, ਜਿਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਦੇ ਵਿਅਕਤੀ ਸ਼ਾਮਲ ਸਨ। ਧੋਖਾਧੜੀ ਮੁੱਖ ਤੌਰ ’ਤੇ ਨਿਵੇਸ਼ ਯੋਜਨਾਵਾਂ, ਟ੍ਰੇਡਿੰਗ ਧੋਖੇ ਅਤੇ ਨਕਲੀ ਐਪਸ ਨਾਲ ਸੰਬੰਧਿਤ ਸੀ। ਪੁਲੀਸ ਨੇ 5,000 ਤੋਂ ਵੱਧ ਨਕਲੀ ਸਿੰਮ ਕਾਰਡ ਅਤੇ ਵਟਸਐਪ ਖਾਤੇ ਬਲਾਕ ਕਰ ਦਿੱਤੇ ਹਨ।
ਇਹ ਰੈਕੇਟ ਜੋਧਪੁਰ ਪੁਲੀਸ ਕਮਿਸ਼ਨਰ ਓਮ ਪ੍ਰਕਾਸ਼ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ। ਬਰਕਤ ਖਾਨ ਦੇ ਨਾਮ ’ਤੇ ਜਾਰੀ ਇੱਕ ਸਿੰਮ ਕਾਰਡ ਦੀ ਵਰਤੋਂ ਕਰਕੇ ਤਿਲੰਗਾਨਾ ਵਿੱਚ ਇੱਕ ਵਿਅਕਤੀ ਨਾਲ 8.9 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ। ਇਹ ਸਿੰਮ ਕਾਰਡ ਕੰਬੋਡੀਆ ਵਿੱਚ ਐਕਟਿਵ ਸੀ, ਜਦਕਿ ਬਰਕਤ ਖਾਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਜੋਧਪੁਰ ਪੁਲੀਸ ਨੇ ਭਾਰਤੀ ਸਾਈਬਰ ਅਪਰਾਧ ਸਮਨਵਯ ਕੇਂਦਰ ਦੀ ਮਦਦ ਨਾਲ ਰਿਵਰਸ ਟਰੈਕਿੰਗ ਕੀਤੀ, ਜਿਸ ਤੋਂ ਪਤਾ ਲੱਗਾ ਕਿ ਸਤੰਬਰ ਤੋਂ ਨਵੰਬਰ 2025 ਦਰਮਿਆਨ 2.3 ਲੱਖ ਸ਼ੱਕੀ ਮੋਬਾਈਲ ਨੰਬਰਾਂ ਵਿੱਚੋਂ 36,000 ਭਾਰਤੀ ਸਿੰਮ ਕਾਰਡ ਕੰਬੋਡੀਆ ਵਿੱਚ ਰੋਮਿੰਗ ’ਤੇ ਐਕਟਿਵ ਸਨ। ਕੁੱਲ 5378 ਸਿੰਮ ਕਾਰਡਾਂ ਦੀ ਵਰਤੋਂ ਕਰਕੇ 1100 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ। ਇਹ ਧੋਖਾਧੜੀ 32 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲੀ ਹੋਈ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਪੂਰਾ ਰੈਕੇਟ ਸ੍ਰੀਗੰਗਾਨਗਰ ਜ਼ਿਲ੍ਹੇ ਨਾਲ ਜੁੜਿਆ ਹੋਇਆ ਹੈ। ਮੁੱਖ ਦੋਸ਼ੀ ਸੁਨੀਲ ਕੁਮਾਰ ਨੇ ਕਥਿਤ ਤੌਰ ’ਤੇ ਤਿੰਨ ਕੇਂਦਰਾਂ ਤੋਂ ਕੁਝ ਸਿੰਮ ਕਾਰਡ ਨੰਬਰ ਜਾਰੀ ਕੀਤੇ, ਜੋ ਕੰਬੋਡੀਆ ਪਹੁੰਚੇ ਅਤੇ ਧੋਖਾਧੜੀ ਵਿੱਚ ਵਰਤੇ ਗਏ। ਇਹ ਨੰਬਰ ਕੰਬੋਡੀਆ ਤੋਂ ਚਲਾਏ ਜਾ ਰਹੇ ਸਨ।
ਪੁਲੀਸ ਨੇ ਹੁਣ ਤੱਕ ਛੇ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਪ੍ਰਕਾਸ਼ ਭੀਲ, ਹੇਮੰਤ ਪਨਵਾਰ, ਰਾਮ ਅਵਤਾਰ ਰਾਠੀ, ਹਰਿਸ਼ ਮਲਾਕਰ, ਮੋਹੰਮਦ ਸ਼ਰੀਫ਼ ਅਤੇ ਲੁਧਿਆਣਾ ਤੋਂ ਸੰਦੀਪ ਭੱਟ। ਗੈਂਗ ਦੇ ਮਾਸਟਰਮਾਈਂਡ ਚਾਰ ਮਲੇਸ਼ੀਆਈ ਨਾਗਰਿਕ ਲੀ ਜਿਆਂ ਹੁਈ, ਲੋ ਦੀ ਖੇਨ, ਚਿਨ ਯੂ ਮਿੰਗ ਅਤੇ ਲਿਓਂਗ ਕੇਨ ਨਾਥ ਹਨ, ਜਿਨ੍ਹਾਂ ਖ਼ਿਲਾਫ਼ ਲੁੱਕਆਉਟ ਸਰਕੂਲਰ ਜਾਰੀ ਕੀਤੇ ਗਏ ਹਨ।
ਪ੍ਰਕਾਸ਼ ਭੀਲ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਸ ਦੇ ਸਾਥੀ—ਮੋਹੰਮਦ ਸ਼ਰੀਫ਼, ਸੰਦੀਪ ਭੱਟ, ਹੇਮੰਤ ਪਨਵਾਰ, ਰਾਮ ਅਵਤਾਰ, ਰਾਹੁਲ ਕੁਮਾਰ ਝਾ, ਰੁਸਤਮ ਖਾਨ, ਹਰਿਸ਼ ਮਲਾਕਰ, ਵਿਨਾਇਕ ਮੋਬਾਈਲ ਮਕਰਾਨਾ ਅਤੇ ਰਵਿੰਦਰ ਬਿਸ਼ਨੋਈ—ਮਲੇਸ਼ੀਆਈ ਨਾਗਰਿਕਾਂ ਨੂੰ ਨਕਲੀ ਸਿੰਮ ਕਾਰਡ ਮੁਹੱਈਆ ਕਰਵਾ ਰਹੇ ਸਨ। ਰਾਹੁਲ ਕੁਮਾਰ ਝਾ ਮਲੇਸ਼ੀਆਈਆਂ ਤੋਂ ਪੈਸਾ ਪ੍ਰਾਪਤ ਕਰਦਾ ਸੀ ਅਤੇ ਫਿਰ ਉਨ੍ਹਾਂ ਨੂੰ ਸਿੰਮ ਕਾਰਡ ਭੇਜਦਾ ਸੀ। ਇਹ ਵਿਅਕਤੀ ਪੁਲੀਸ ਤੋਂ ਬਚਣ ਲਈ ਡਾਰਕ ਵੈੱਬ ਰਾਹੀਂ ਸੰਚਾਰ ਕਰਦੇ ਸਨ।

