ਚੰਡੀਗਡ਼੍ਹ: ਪੰਜਾਬ ਤੇ ਹਰਿਆਣਾ ਵਿੱਚ ਅੱਜ ਸਵੇਰ ਸਮੇਂ ਅਚਾਨਕ ਮੌਸਮ ਨੇ ਮਿਜ਼ਾਜ ਬਦਲ ਲਿਆ ਤੇ ਸਵੇਰਸਾਰ ਹੀ ਦੋਵਾਂ ਸੂਬਿਆਂ ’ਚ ਮੀਂਹ ਸ਼ੁਰੂ ਹੋ ਗਿਆ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਦੇ ਨਾਲ ਗੜੇ ਵੀ ਪਏ, ਜਿਸ ਕਰ ਕੇ ਠੰਢ ਨੇ ਜ਼ੋਰ ਫੜ ਲਿਆ ਹੈ। ਤਾਪਮਾਨ ਘਟਣ ਕਾਰਨ ਠੰਢ ਸਾਰਾ ਦਿਨ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਜਾਣਕਾਰੀ ਅਨੁਸਾਰ ਪਟਿਆਲਾ, ਫਤਹਿਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਲੁਧਿਆਣਾ, ਮਾਨਸਾ ਅਤੇ ਮੁਹਾਲੀ ਦੇ ਕਈ ਇਲਾਕਿਆਂ ਵਿੱਚ ਗੜੇ ਪਏ। ਸਭ ਤੋਂ ਵੱਧ ਗੜੇ ਪਟਿਆਲਾ ਦੇ ਕਈ ਇਲਾਕਿਆਂ ਵਿੱਚ ਪਏ ਜਿੱਥੇ ਕਈ ਸੜਕਾਂ ’ਤੇ ਬਰਫ਼ ਦੀ ਚਾਦਰ ਵਿਛ ਗਈ।
ਦੂਜੇ ਪਾਸੇ ਪੰਜਾਬ ਤੇ ਹਰਿਆਣਾ ਦੇ ਕਈ ਥਾਈਂ ਮੀਂਹ ਦੇ ਨਾਲ ਗੜੇ ਪੈਣ ਕਾਰਨ ਕਿਸਾਨਾਂ ਦੇ ਫਿਕਰ ਵਧ ਗਏ ਹਨ ਤੇ ਉਨ੍ਹਾਂ ਕਣਕ ਤੇ ਸਬਜ਼ੀਆਂ ਦੀ ਫਸਲ ਦੇ ਖਰਾਬ ਹੋਣ ਦੀ ਚਿੰਤਾ ਸਤਾਉਣ ਲੱਗ ਪਈ ਹੈ। ਪੰਜਾਬ ਵਿੱਚ ਕਈ ਥਾਵਾਂ ’ਤੇ ਕਿਸਾਨਾਂ ਵੱਲੋਂ ਕਣਕ ਦੀ ਸਿੰਜਾਈ ਕੀਤੀ ਹੋਣ ਕਾਰਨ ਮੀਂਹ ਨੀਵੇਂ ਖੇਤਾਂ ਵਿੱਚ ਫ਼ਸਲ ਲਈ ਮਾਰੂ ਸਾਬਤ ਹੋ ਸਕਦਾ ਹੈ। ਪੰਜਾਬ ਦੇ ਬਹੁਤੇ ਖੇਤਰਾਂ ਵਿੱਚ 28 ਜਨਵਰੀ ਸਵੇਰ ਤੱਕ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਹਾਲਾਂਕਿ ਅਗਲੇ ਦੋ-ਤਿੰਨ ਸੂਬੇ ਵਿੱਚ ਮੁੜ ਤੋਂ ਠੰਢ ਨੇ ਜ਼ੋਰ ਫੜੇਗੀ। ਵਿਭਾਗ ਨੇ ਅਗਲੇ ਤਿੰਨ ਦਿਨ 28, 29 ਤੇ 30 ਜਨਵਰੀ ਨੂੰ ਪੰਜਾਬ ਵਿੱਚ ਧੁੰਦ ਅਤੇ ਕੜਾਕੇ ਦੀ ਠੰਢ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪਹਿਲੀ ਫਰਵਰੀ ਦੀ ਰਾਤ ਨੂੰ ਮੁੜ ਪੰਜਾਬ ਵਿੱਚ ਮੌਸਮ ਖਰਾਬ ਹੋਵੇਗਾ।
ਕਸ਼ਮੀਰ ’ਚ ਬਰਫ਼ਬਾਰੀ ਕਾਰਨ ਹਵਾਈ ਤੇ ਸੜਕ ਆਵਾਜਾਈ ਪ੍ਰਭਾਵਿਤ
ਸ੍ਰੀਨਗਰ: ਕਸ਼ਮੀਰ ਵਿੱਚ ਬਰਫ਼ਬਾਰੀ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਬੰਦ ਹੋ ਗਿਆ ਤੇ ਸਾਰੇ ਹਵਾਈ ਅੱਡਿਆਂ ਤੋਂ ਉਡਾਣਾਂ ਬੰਦ ਹੋਣ ਕਾਰਨ ਹਜ਼ਾਰਾਂ ਯਾਤਰੀ ਵਾਦੀ ਵਿੱਚ ਫਸ ਗਏ। ਸੋਮਵਾਰ ਦੇਰ ਰਾਤ ਸ਼ੂਰ ਹੋਈ ਬਰਫ਼ਬਾਰੀ ਕਾਰਨ ਸੋਨਮਰਗ, ਗੁਲਮਰਗ ਤੇ ਪਹਿਲਗਾਮ ’ਚ ਬਰਫ਼ ਦੀ ਚਾਦਰ ਵਿਛ ਗਈ। ਵਾਦੀ ਦੇ ਮੈਦਾਨਾਂ ਸਣੇ ਸ੍ਰੀਨਗਰ ’ਚ ਦਰਮਿਆਨੀ ਬਰਫ਼ਬਾਰੀ ਹੋਈ ਹੈ। ਕਾਜ਼ੀਗੁੰਡ ਤੇ ਬਨਿਹਾਲ ਵਿੱਚ ਨਵਯੁਗ ਸੁਰੰਗ ਨੇ ਭਾਰੀ ਬਰਫ ਕਾਰਨ ਕੌਮੀ ਮਾਰਗ 44 ਬੰਦ ਹੋ ਗਿਆ। ਸ੍ਰੀਨਗਰ ਹਵਾਈ ’ਤੇ ਮੁੜ ਨਿਰਧਾਰਿਤ ਕੀਤੀਆਂ 58 (29 ਆਉਣ ਵਾਲੀਆਂ ਤੇ 29 ਜਾਣ ਵਾਲੀਆਂ) ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਬਰਫ਼ਬਾਰੀ ਨਾਲ ਆਵਾਜਾਈ ’ਚ ਵਿਘਨ ਪੈਣ ਕਾਰਨ ਕਈ ਯਾਤਰੀ ਫਸੇ ਹੋਏ ਹਨ। ਅੱਜ ਸਵੇੇਰੇ ਬਡਗਾਮ ਅਤੇ ਬਨਿਹਾਲ ਵਿਚਾਲੇ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ, ਜਿੱਥੇ ਕੁਝ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ।
ਪੰਜਾਬ ’ਚ ਲੁਧਿਆਣਾ ਤੇ ਹਰਿਆਣਾ ’ਚ ਗ੍ਰਰੂਗ੍ਰਾਮ ਸਭ ਤੋਂ ਠੰਢੇ
ਪੰਜਾਬ ਦਾ ਲੁਧਿਆਣਾ ਅਤੇ ਹਰਿਆਣਾ ਦਾ ਗੁਰੂਗ੍ਰਾਮ ਸ਼ਹਿਰ ਸਭ ਤੋਂ ਠੰਢੇ ਰਹੇ ਹਨ। ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 7.7 ਡਿਗਰੀ ਤੇ ਗੁਰੂਗ੍ਰਾਮ ਦਾ 5.8 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਅੱਜ ਪਟਿਆਲਾ ਤੇ ਲੁਧਿਆਣਾ ’ਚ ਸਭ ਤੋਂ ਵੱਧ ਮੀਂਹ ਪਿਆ। ਪਟਿਆਲਾ ਵਿੱਚ 29 ਐੱਮ ਐੱਮ, ਲੁਧਿਆਣਾ ਵਿੱਚ 16 ਐੱਮ ਐੱਮ, ਪਠਾਨਕੋਟ ਵਿੱਚ 14 ਐੱਮ ਐੱਮ, ਚੰਡੀਗੜ੍ਹ ਵਿੱਚ 11 ਐੱਮ ਐੱਮ, ਰੋਪੜ ਵਿੱਚ 9.5 ਐੱਮ ਐੱਮ, ਮਾਨਸਾ ਵਿੱਚ 3.5 ਐੱਮ ਐੱਮ ਅਤੇ ਅੰਮ੍ਰਿਤਸਰ ਵਿੱਚ ਇਕ ਐੱਮ ਐੱਮ ਮੀਂਹ ਪਿਆ। ਇਸ ਤੋਂ ਇਲਾਵਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 10.1 ਡਿਗਰੀ, ਅੰਮ੍ਰਿਤਸਰ ’ਚ 10.3, ਪਟਿਆਲਾ ਵਿੱਚ 9.2, ਬਠਿੰਡਾ ’ਚ 8.8, ਫਰੀਦਕੋਟ ’ਚ 9.2, ਨਵਾਂ ਸ਼ਹਿਰ ’ਚ 9.7, ਹੁਸ਼ਿਆਰਪੁਰ ’ਚ 10.2, ਮਾਨਸਾ ਵਿੱਚ 10.3 ਤੇ ਰੋਪੜ ਵਿੱਚ 10.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

