ਦੇਸ਼ ਦੇ ਅੱਠ ਲੱਖ ਬੈਂਕ ਕਰਮਚਾਰੀ ਸੜਕਾਂ ’ਤੇ ਆਏ

ਦੇਸ਼ ਦੇ ਅੱਠ ਲੱਖ ਬੈਂਕ ਕਰਮਚਾਰੀ ਸੜਕਾਂ ’ਤੇ ਆਏ

ਚੰਡੀਗਡ਼੍ਹ: ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ ਐੱਫ ਬੀ ਯੂ) ਦੀ ਦੇਸ਼ਿਵਆਪੀ ਹੜਤਾਲ ਦੇ ਸੱਦੇ ਤਹਿਤ ਅੱਜ ਚੌਥੇ ਦਿਨ ਪੂਰੇ ਦੇਸ਼ ਦੇ ਜਨਤਕ ਖੇਤਰ ਦੇ ਬੈਂਕਾਂ ਦਾ ਕੰਮ-ਕਾਜ ਠੱਪ ਰਿਹਾ। ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਨੌਂ ਐਸੋਸੀਏਸ਼ਨ ਦੀ ਸਾਂਝੀ ਫੈਡਰੇਸ਼ਨ ਯੂ ਐੱਫ ਬੀ ਯੂ ਵੱਲੋਂ ਹੜਤਾਲ ਦਾ ਸੱਦਾ 23 ਜਨਵਰੀ ਨੂੰ ਮੁੱਖ ਕਿਰਤ ਕਮਿਸ਼ਨਰ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਦਿੱਤਾ ਗਿਆ ਸੀ। ਬੈਂਕ ਕਰਮਚਾਰੀ ਹਫ਼ਤੇ ਵਿੱਚ ਪੰਜ ਦਿਨ ਕੰਮ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ ਕਈ ਪੁਰਾਣੀਆਂ ਮੰਗਾਂ ਵੀ ਹਨ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਦੇਸ਼ ਭਰ ਵਿੱਚ ਅੱਠ ਲੱਖ ਤੋਂ ਵੱਧ ਬੈਂਕ ਮੁਲਾਜ਼ਮਾਂ ਨੇ ਵੱਖ-ਵੱਖ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਉੱਧਰ, ਬੈਂਕ ਮੁਲਾਜ਼ਮਾਂ ਦੀ ਹੜਤਾਲ ਕਰਕੇ ਅੱਜ ਲਗਾਤਾਰ ਚੌਥੇ ਦਿਨ ਬੈਂਕਿੰਗ ਖੇਤਰ ਦਾ ਕੰਮ ਪੂਰੀ ਤਰ੍ਹਾਂ ਬੰਦ ਰਿਹਾ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਪਨਾ ਪਿਆ। ਇਸ ਤੋਂ ਪਹਿਲਾਂ 24, 25 ਅਤੇ 26 ਜਨਵਰੀ (ਗਣਤੰਤਰ ਦਿਵਸ) ਦੀ ਸਰਕਾਰੀ ਛੁੱਟੀ ਕਰਕੇ ਬੈਂਕ ਬੰਦ ਰਹੇ ਸਨ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਆਗੂ ਪ੍ਰਿਯਵਰਤ ਅਤੇ ਆਲ ਇੰਡੀਆ ਬੈਂਕ ਆਫ ਆਫੀਸਰਜ਼ ਕਨਫੈਡਰੇਸ਼ਨ ਦੇ ਸੀਨੀਅਰ ਆਗੂ ਰਾਜੀਵ ਸਰਹੰਦੀ ਨੇ ਕਿਹਾ ਕਿ ਮਾਰਚ 2024 ਵਿੱਚ ਗੱਲਬਾਤ ਦੌਰਾਨ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਯੂ ਐੱਫ ਬੀ ਯੂ ਦਰਮਿਆਨ ਸਮਝੌਤਾ ਹੋਇਆ ਸੀ ਕਿ ਬੈਂਕ ਕਾਮਿਆਂ ਦੀ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਜਾਵੇਗਾ, ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਕਨੀਕੀ ਯੁੱਗ ਵਿੱਚ ਜ਼ਿਆਦਾਤਰ ਲੈਣ-ਦੇਣ ਹੁਣ ਆਨਲਾਈਨ ਕੀਤੇ ਜਾਂਦੇ ਹਨ, ਤਾਂ ਛੇ ਦਿਨਾਂ ਦੇ ਕੰਮ ਵਾਲੇ ਹਫ਼ਤੇ ’ਤੇ ਜ਼ੋਰ ਦੇਣਾ ਗ਼ੈਰ-ਵਿਹਾਰਕ, ਪੁਰਾਣਾ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਸਮੇਤ ਦੇਸ਼ ਭਰ ਵਿੱਚ ਸਰਕਾਰੀ ਦਫ਼ਤਰ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਦੇ ਹਨ, ਪਰ ਬੈਂਕਿੰਗ ਖੇਤਰ ਨੂੰ ਮਹੀਨੇ ਵਿੱਚ ਦੂਜੇ ਤੇ ਚੌਥੇ ਸ਼ਨਿੱਚਰਵਾਰ ਨੂੰ ਛੁੱਟੀ ਕੀਤੀ ਜਾਂਦੀ ਹੈ, ਜਦੋਂਕਿ ਪਹਿਲੇ ਤੇ ਤੀਜੇ ਸ਼ਨਿਚਰਵਾਰ ਨੂੰ ਬੈਂਕ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੇਸ਼ ਵਿੱਚ ਬੈਂਕਿੰਗ ਖੇਤਰ ਨੂੰ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨਾ ਯਕੀਨੀ ਬਣਾਵੇ।

ਯੂ ਐੱਫ ਬੀ ਯੂ ਨੇ ਮੰਗ ਕੀਤੀ ਕਿ ਬੈਂਕ ਮੁਲਾਜ਼ਮਾਂ ਨੂੰ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬੈਂਕ ਮੁਲਾਜ਼ਮਾਂ ਦੀ ਮੰਗ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

ਚਾਰ ਦਿਨ ਬੈਂਕ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ

ਦੇਸ਼ ਵਿੱਚ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 24 ਜਨਵਰੀ ਨੂੰ ਸ਼ਨਿੱਚਰਵਾਰ, 25 ਨੂੰ ਐਤਵਾਰ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਕਰ ਕੇ ਛੁੱਟੀਆਂ ਸਨ; ਅੱਜ ਚੌਥੇ ਦਿਨ ਬੈਂਕ ਮੁਲਾਜ਼ਮਾਂ ਦੀ ਹੜਤਾਲ ਕਰਕੇ ਬੈਂਕਾਂ ਵਿੱਚ ਕੰਮ-ਕਾਜ ਠੱਪ ਰਿਹਾ ਹੈ। ਚਾਰ ਦਿਨ ਬੈਂਕ ਬੰਦ ਹੋਣ ਕਰ ਕੇ ਲੋਕ ਖੱਜਲ-ਖ਼ੁਆਰ ਹੁੰਦੇ ਰਹੇ। ਉਨ੍ਹਾਂ ਨੂੰ ਵੱਡੀ ਰਕਮ ਦੇ ਲੈਣ-ਦੇਣ, ਚੈੱਕ ਕਲੀਅਰੈਂਸ ਆਦਿ ਸੇਵਾਵਾਂ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Share: