Tourists stranded in Manali: ਮਨਾਲੀ ਵਿੱਚ ਬਰਫਬਾਰੀ ਕਾਰਨ ਵੱਡੀ ਗਿਣਤੀ ਸੈਲਾਨੀ ਫਸੇ

Tourists stranded in Manali: ਮਨਾਲੀ ਵਿੱਚ ਬਰਫਬਾਰੀ ਕਾਰਨ ਵੱਡੀ ਗਿਣਤੀ ਸੈਲਾਨੀ ਫਸੇ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਪ੍ਰਸਿੱਧ ਸੈਰ-ਸਪਾਟਾ ਸਥਾਨ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਕਈ ਸੜਕਾਂ ਬੰਦ ਹੋ ਗਈਆਂ ਹਨ ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਦੂਜੇ ਪਾਸੇ ਰਾਸ਼ਟਰੀ ਰਾਜਮਾਰਗ-3 ਨੂੰ ਸੋਲਾਂਗ ਨਾਲਾ ਤੱਕ ਸਾਫ਼ ਕਰ ਦਿੱਤਾ ਗਿਆ ਹੈ ਤੇ ਇੱਥੇ ਸਿਰਫ ਹਲਕੇ ਵਾਹਨਾਂ ਨੂੰ ਅੱਗੇ ਜਾਣ ਦੀ ਆਗਿਆ ਹੈ। ਇਸ ਰੂਟ ’ਤੇ ਬੱਸ ਸੇਵਾਵਾਂ ਠੱਪ ਹਨ ਅਤੇ ਮਨਾਲੀ ਤੋਂ ਲਗਪਗ 16 ਕਿਲੋਮੀਟਰ ਦੂਰ ਪਟਲੀਕਾਹੁਲ ਤੱਕ ਬੱਸਾਂ ਚੱਲ ਰਹੀਆਂ ਹਨ। ਦੂਜੇ ਪਾਸੇ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ 27 ਜਨਵਰੀ ਨੂੰ ਭਾਰੀ ਬਰਫਬਾਰੀ ਪਵੇਗੀ। ਪੁਲੀਸ ਨੇ ਵੀ ਸੈਲਾਨੀਆਂ ਨੂੰ ਕਿਹਾ ਹੈ ਕਿ ਉਹ ਮੌਸਮ ਸਾਫ ਹੋਣ ਦਾ ਇੰਤਜ਼ਾਰ ਕਰਨ ਤੇ ਇਸ ਤੋਂ ਬਾਅਦ ਹੀ ਸ਼ਿਮਲਾ ਤੇ ਮਨਾਲੀ ਨੇੜਲੇ ਖੇਤਰਾਂ ਵੱਲ ਆਉਣ। ਜਾਣਕਾਰੀ ਅਨੁਸਾਰ ਮਨਾਲੀ ਵਿੱਚ 15 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ। ਇਸ ਦੌਰਾਨ ਸੈਂਕੜੇ ਸੈਲਾਨੀ ਆਪਣੇ ਸਾਮਾਨ ਨਾਲ ਬਰਫੀਲੀਆਂ ਸੜਕਾਂ ’ਤੇ ਤੁਰਦੇ ਵੇਖੇ ਗਏ। ਇਕ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਗੱਡੀਆਂ ਬਹੁਤ ਦੂਰ ਫਸ ਗਈਆਂ ਹਨ ਤੇ ਪਰਿਵਾਰ ਦਾ ਇਕ ਮੈਂਬਰ ਵਾਹਨ ਵਿਚ ਹੈ ਤੇ ਉਹ ਕਮਰੇ ਦੀ ਤਲਾਸ਼ ਵਿਚ ਤੁਰ ਕੇ ਹੀ ਆ ਰਹੇ ਹਨ ਕਿਉਂਕਿ ਠੰਢ ਬਹੁਤ ਜ਼ਿਆਦਾ ਹੈ। ਅਧਿਕਾਰੀਆਂ ਅਨੁਸਾਰ ਬਰਫ਼ਬਾਰੀ ਤੋਂ ਪਹਿਲਾਂ ਮਨਾਲੀ ਪਹੁੰਚੇ ਸੈਲਾਨੀਆਂ ਨੂੰ ਹੁਣ ਇਥੇ ਹੀ ਰਹਿਣਾ ਪੈ ਰਿਹਾ ਹੈ ਕਿਉਂਕਿ ਰਸਤੇ ਬੰਦ ਹਨ।

ਇਕ ਅਧਿਕਾਰੀ ਨੇ ਕਿਹਾ, ‘ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਸਾਰੀਆਂ ਸੜਕਾਂ ਨੂੰ ਬਹਾਲ ਕਰਨ ਦੇ ਯਤਨ ਜਾਰੀ ਹਨ, ਹਾਲਾਂਕਿ, ਸੜਕਾਂ ਨੂੰ ਦੁਬਾਰਾ ਆਵਾਜਾਈ ਲਈ ਸਾਫ਼ ਹੋਣ ਵਿੱਚ ਥੋੜ੍ਹਾ ਸਮਾਂ ਲੱਗੇਗਾ।’ ਅਧਿਕਾਰੀਆਂ ਅਨੁਸਾਰ ਪਟਲੀਕਾਹੁਲ ਦੀ ਦਿਸ਼ਾ ਤੋਂ ਮਨਾਲੀ ਵੱਲ ਸਿਰਫ਼ ਚਾਰ-ਪਹੀਆ ਵਾਹਨਾਂ ਦੀ ਆਗਿਆ ਹੋਵੇਗੀ, ਕਿਉਂਕਿ ਬਰਫ਼ ਕਾਰਨ ਸੜਕਾਂ ’ਤੇ ਫਿਸਲਣ ਵਧ ਗਈ ਹੈ।

ਮੌਸਮ ਵਿਭਾਗ ਨੇ 27 ਜਨਵਰੀ ਨੂੰ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਪਾਟਲੀਕੁਹਲ-ਮਨਾਲੀ ਅਤੇ ਮਨੀਕਰਨ-ਭੂੰਤਰ ਸੜਕਾਂ ‘ਤੇ ਆਵਾਜਾਈ ਵਿਚ ਵਿਘਨ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਕੁੱਲੂ ਅਤੇ ਨੇੜਲੇ ਖੇਤਰਾਂ ਵੱਲ ਜਾਣ ਵਾਲੇ ਯਾਤਰੀਆਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

Share: