ਯੂਰੋਪੀਅਨ ਯੂਨੀਅਨ ਅਤੇ ਭਾਰਤ ਸਮਝੌਤੇ ਨੇੜੇ ਪੁੱਜੇ

ਯੂਰੋਪੀਅਨ ਯੂਨੀਅਨ ਅਤੇ ਭਾਰਤ ਸਮਝੌਤੇ ਨੇੜੇ ਪੁੱਜੇ

ਨਵੀਂ ਦਿੱਲੀ: ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਕਿ ਭਾਰਤ ਅਤੇ ਯੂਰੋਪੀਅਨ ਯੂਨੀਅਨ ਅਜਿਹੇ ਇਤਿਹਾਸਕ ਵਪਾਰਕ ਸਮਝੌਤੇ ਦੇ ਮੁਕਾਮ ’ਤੇ ਹਨ, ਜੋ ਕਿ ਦੋ ਅਰਬ ਲੋਕਾਂ ਦੀ ਇੱਕ ਵਿਸ਼ਾਲ ਮੰਡੀ ਤਿਆਰ ਕਰੇਗਾ। ਇਹ ਮੰਡੀ ਆਲਮੀ ਵਿਕਾਸ ਦਰ ਦੇ ਲਗਪਗ ਚੌਥੇ ਹਿੱਸੇ ਦੇ ਬਰਾਬਰ ਹੋਵੇਗੀ। ਇਹ ਗੱਲ ਉਨ੍ਹਾਂ ਆਪਣੇ ਭਾਰਤ ਦੌਰੇ ਤੋਂ ਕੁਝ ਦਿਨ ਪਹਿਲਾਂ ਅੱਜ ਕਹੀ।

ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ ਨੂੰ ਸੰਬੋਧਨ ਕਰਦਿਆਂ ਲੇਅਨ ਨੇ ਮੌਜੂਦਾ ਭੂ-ਸਿਆਸੀ ਝਟਕਿਆਂ ਅਤੇ 27 ਦੇਸ਼ਾਂ ਦੇ ਸਮੂਹ ਯੂਰੋਪੀਅਨ ਯੂਨੀਅਨ ਵੱਲੋਂ ਦਿੱਤੇ ਜਾ ਰਹੇ ਜਵਾਬ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ, ‘‘ਇਹ ਮੌਕਾ ਸੰਭਾਲਣ ਅਤੇ ਇੱਕ ਨਵਾਂ ਸੁਤੰਤਰ ਯੂਰੋਪ ਬਣਾਉਣ ਦਾ ਸਮਾਂ ਹੈ।’’ ਜ਼ਿਕਰਯੋਗ ਹੈ ਕਿ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਅੰਤੋਨੀਓ ਕੋਸਟਾ ਅਤੇ ਉਰਸੁਲਾ ਵਾਨ ਡੇਰ ਲੇਅਨ 25 ਤੋਂ 27 ਜਨਵਰੀ ਤੱਕ ਭਾਰਤ ਦੌਰੇ ’ਤੇ ਰਹਿਣਗੇ। ਉਹ ਭਾਰਤ ਦੇ ਗਣਤੰਤਰ ਦਿਵਸ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿਖਰ ਵਾਰਤਾ ਕਰਨਗੇ। 27 ਜਨਵਰੀ ਨੂੰ ਭਾਰਤ-ਯੂਰੋਪੀਅਨ ਯੂਨੀਅਨ ਸੰਮੇਲਨ ਦੌਰਾਨ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਮੁਕਤ ਵਪਾਰ ਸਮਝੌਤਾ (ਐੱਫ ਟੀ ਏ) ਮੁਕੰਮਲ ਹੋਣ ਦਾ ਐਲਾਨ ਕੀਤੇ ਜਾਣ ਦੀ ਆਸ ਹੈ। ਵਾਨ ਡੇਰ ਲੇਅਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ, ‘‘ਕੁਝ ਲੋਕ ਇਸ ਨੂੰ ‘ਸਾਰੇ ਸਮਝੌਤਿਆਂ ਦੀ ਮਾਂ’ ਆਖ ਰਹੇ ਹਨ। ਇਹ ਅਜਿਹਾ ਸਮਝੌਤਾ ਹੈ ਜੋ ਦੋ ਅਰਬ ਲੋਕਾਂ ਦਾ ਬਾਜ਼ਾਰ ਬਣਾਏਗਾ।’’ ਉਨ੍ਹਾਂ ਅੱਗੇ ਕਿਹਾ ਕਿ ਭਾਰਤ, ਯੂਰੋਪ ਦਾ ਅਹਿਮ ਭਾਈਵਾਲ ਹੈ।

ਹੋਰ ਦੇਸ਼ਾਂ ਨਾਲ ਵੀ ਵਪਾਰਕ ਸਬੰਧ ਮਜ਼ਬੂਤ ਕਰ ਰਹੀ ਹੈ ਯੂਰੋਪੀਅਨ ਯੂਨੀਅਨ

ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਇਹ ਵੀ ਦੱਸਿਆ ਕਿ ਯੂਰੋਪੀਅਨ ਯੂਨੀਅਨ ਸਿਰਫ਼ ਭਾਰਤ ਹੀ ਨਹੀਂ, ਸਗੋਂ ਹੋਰ ਦੇਸ਼ਾਂ ਨਾਲ ਵੀ ਵਪਾਰਕ ਸਬੰਧ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਸਟਰੇਲੀਆ ਨਾਲ ਇੱਕ ਨਵੇਂ ਮੁਕਤ ਵਪਾਰ ਸਮਝੌਤੇ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਫਿਲਪੀਨਜ਼, ਥਾਈਲੈਂਡ, ਮਲੇਸ਼ੀਆ, ਸੰਯੁਕਤ ਅਰਬ ਅਮੀਰਾਤ ਅਤੇ ਹੋਰਾਂ ਨਾਲ ਵੀ ਗੱਲਬਾਤ ਅੱਗੇ ਵਧਾ ਰਹੇ ਹਾਂ।’’ ਉਨ੍ਹਾਂ ਮੁੜ ਦੁਹਰਾਇਆ ਕਿ ਯੂਰੋਪ ਉਦੋਂ ਤੱਕ ਯੂਕਰੇਨ ਦੇ ਨਾਲ ਖੜ੍ਹਾ ਰਹੇਗਾ ਜਦੋਂ ਤੱਕ ਕਿ ਉੱਥੇ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਸਥਾਪਤ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ, ‘‘ਯੂਰੋਪੀਅਨ ਯੂਨੀਅਨ, ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਜਿਸ ਵਿੱਚ ਵਿੱਤੀ ਵਰ੍ਹੇ 2023-24 ਵਿੱਚ ਵਸਤਾਂ ਦਾ ਦੁਵੱਲਾ ਵਪਾਰ 135 ਅਰਬ ਅਮਰੀਕੀ ਡਾਲਰ ਦਰਜ ਕੀਤਾ ਗਿਆ ਸੀ।

Share: