Trump’s bizarre letter to Norway’s prime minister ਨੋਬੇਲ ਨਹੀਂ ਮਿਲਿਆ ਤੇ ਹੁਣ ਸ਼ਾਂਤੀ ’ਤੇ ਭਰੋਸਾ ਨਹੀਂ: ਟਰੰਪ

Trump’s bizarre letter to Norway’s prime minister ਨੋਬੇਲ ਨਹੀਂ ਮਿਲਿਆ ਤੇ ਹੁਣ ਸ਼ਾਂਤੀ ’ਤੇ ਭਰੋਸਾ ਨਹੀਂ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਜੇ ਸਟੋਰ ਨੂੰ ਪੱਤਰ ਲਿਖ ਕੇ ਨੋਬੇਲ ਸ਼ਾਂਤੀ ਪੁਰਸਕਾਰ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਅੱਠ ਅਹਿਮ ਜੰਗਾਂ ਰੁਕਵਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਨੋਬੇਲ ਨਹੀਂ ਮਿਲਿਆ, ਇਸ ਲਈ ਉਨ੍ਹਾਂ ਨੇ ਸ਼ਾਂਤੀ ਸਥਾਪਤ ਕਰਨ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ। ਸ੍ਰੀ ਟਰੰਪ ਨੇ ਕਿਹਾ ਕਿ ਆਲਮੀ ਰੁਝਾਨਾਂ ਦੇ ਮੱਦੇਨਜ਼ਰ ਵਿਸ਼ਵ ਭਰ ਵਿਚ ਸ਼ਾਂਤੀ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗਰੀਨਲੈਂਡ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਇਕ ਕਾਰਨ ਇਹ ਵੀ ਹੈ ਕਿ ਹੁਣ ਉਨ੍ਹਾਂ ਸ਼ਾਂਤੀ ਸਥਾਪਤ ਕਰਨ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਨਾਰਵੇ ਤੇ ਫਿਨਲੈਂਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪਹਿਲਾਂ ਪੱਤਰ ਲਿਖ ਕੇ ਯੂਰਪੀ ਦੇਸ਼ਾਂ ’ਤੇ ਟੈਕਸ ਵਧਾਉਣ ਦਾ ਵਿਰੋਧ ਕੀਤਾ ਸੀ। ਇਸ ਦਾ ਜਵਾਬ ਟਰੰਪ ਨੇ ਨੋਬੇਲ ਨਾ ਮਿਲਣ ਬਾਰੇ ਸ਼ਿਕਾਇਤ ਕਰਦਿਆਂ ਦਿੱਤਾ। ਉਨ੍ਹਾਂ ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਇੱਕ ਸਖ਼ਤ ਸੰਦੇਸ਼ ਦਿੰਦਿਆਂ ਨਾਟੋ ਸਹਿਯੋਗੀਆਂ ਨਾਲ ਵੀ ਤਣਾਅ ਪੈਦਾ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੂੰ ਗ੍ਰੀਨਲੈਂਡ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਕਿਉਂਕਿ ਡੈਨਮਾਰਕ ਇਸ ਨੂੰ ਰੂਸ ਅਤੇ ਚੀਨ ਤੋਂ ਨਹੀਂ ਬਚਾ ਸਕਦਾ, ਇਸ ਖੇਤਰ ’ਤੇ ਡੈਨਮਾਰਕ ਦੇ ਲੰਬੇ ਸਮੇਂ ਤੋਂ ਦਾਅਵੇ ਦਾ ਉਨ੍ਹਾਂ ਵਿਰੋਧ ਕੀਤਾ।

ਟਰੰਪ ਨੇ ਕਿਹਾ, ‘ਮੈਂ ਨਾਟੋ ਦੀ ਸਥਾਪਨਾ ਤੋਂ ਬਾਅਦ ਕਿਸੇ ਵੀ ਹੋਰ ਵਿਅਕਤੀ ਨਾਲੋਂ ਜ਼ਿਆਦਾ ਕੰਮ ਕੀਤਾ ਹੈ ਅਤੇ ਹੁਣ ਨਾਟੋ ਨੂੰ ਸੰਯੁਕਤ ਰਾਜ ਅਮਰੀਕਾ ਲਈ ਕੁਝ ਕਰਨਾ ਚਾਹੀਦਾ ਹੈ। ਦੁਨੀਆਂ ਉਦੋਂ ਤੱਕ ਸੁਰੱਖਿਅਤ ਨਹੀਂ ਹੈ ਜਦੋਂ ਤੱਕ ਅਮਰੀਕਾ ਦਾ ਗਰੀਨਲੈਂਡ ’ਤੇ ਪੂਰਾ ਕਬਜ਼ਾ ਨਹੀਂ ਹੋ ਜਾਂਦਾ।

ਇਸ ਤੋਂ ਦੋ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਅਮਰੀਕਾ ਨੂੰ ਗਰੀਨਲੈਂਡ ਖਰੀਦਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਉਹ ਆਪਣੇ ਯੂਰਪੀਅਨ ਸਹਿਯੋਗੀ ਦੇਸ਼ਾਂ ’ਤੇ ਨਵਾਂ ਟੈਕਸ ਲਾਉਣਗੇ।

ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਦੱਸਿਆ ਕਿ 1 ਫਰਵਰੀ ਤੋਂ ਡੈਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਨੀਦਰਲੈਂਡ, ਫਿਨਲੈਂਡ ਅਤੇ ਬ੍ਰਿਟੇਨ ਤੋਂ ਆਉਣ ਵਾਲੀਆਂ ਵਸਤੂਆਂ ’ਤੇ ਵਾਧੂ 10 ਫੀਸਦੀ ਟੈਰਿਫ ਲਾਗੂ ਹੋਵੇਗਾ ਜੋ 1 ਜੂਨ ਤੱਕ ਵਧ ਕੇ 25 ਫੀਸਦੀ ਹੋ ਜਾਵੇਗਾ। ਟਰੰਪ ਨੇ ਗਰੀਨਲੈਂਡ ਨੂੰ ਅਮਰੀਕੀ ਸੁਰੱਖਿਆ ਅਤੇ ਖਣਿਜ ਭੰਡਾਰਾਂ ਲਈ ਅਹਿਮ ਦੱਸਿਆ, ਜਦਕਿ ਡੈਨਮਾਰਕ ਅਤੇ ਗਰੀਨਲੈਂਡ ਦੇ ਨੇਤਾਵਾਂ ਨੇ ਸਪੱਸ਼ਟ ਕੀਤਾ ਸੀ ਕਿ ਇਹ ਟਾਪੂ ਵਿਕਾਊ ਨਹੀਂ ਹੈ।

Share: