ਆਈ ਸੀ ਸੀ ਵੱਲੋਂ ਬੰਗਲਾਦੇਸ਼ ਨੂੰ ਭਲਕ ਤੱਕ ਦਾ ਅਲਟੀਮੇਟਮ

ਆਈ ਸੀ ਸੀ ਵੱਲੋਂ ਬੰਗਲਾਦੇਸ਼ ਨੂੰ ਭਲਕ ਤੱਕ ਦਾ ਅਲਟੀਮੇਟਮ

ਨਵੀਂ ਦਿੱਲੀ: ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ ਸੀ ਬੀ) ਨੂੰ 7 ਫਰਵਰੀ ਤੋਂ ਭਾਰਤ ਵਿੱਚ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਵਿੱਚ ਆਪਣੀ ਸ਼ਮੂਲੀਅਤ ਬਾਰੇ ਫੈ਼ਸਲਾ ਲੈਣ ਲਈ 21 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਹੈ। ਆਈ ਸੀ ਸੀ ਦੇ ਸੂਤਰ ਨੇ ਸਪੱਸ਼ਟ ਕੀਤਾ ਹੈ ਕਿ ਜੇ ਬੰਗਲਾਦੇਸ਼ ਦੀ ਟੀਮ ਭਾਰਤ ਆਉਣ ਤੋਂ ਇਨਕਾਰ ਕਰਦੀ ਹੈ ਤਾਂ ਉਸ ਦੀ ਜਗ੍ਹਾ ਰੈਂਕਿੰਗ ਮੁਤਾਬਕ ਕਿਸੇ ਹੋਰ ਟੀਮ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਸੰਭਾਵੀ ਤੌਰ ’ਤੇ ਇਹ ਟੀਮ ਸਕਾਟਲੈਂਡ ਹੋ ਸਕਦੀ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਬੀ ਸੀ ਸੀ ਆਈ ਨੇ ਆਈ ਪੀ ਐੱਲ 2026 ’ਚੋਂ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਆਈ ਸੀ ਸੀ ਨੇ ਕਿਹਾ ਕਿ ਟੀਮ ਨੂੰ ਭਾਰਤ ਵਿੱਚ ਕੋਈ ਸਿੱਧਾ ਖਤਰਾ ਨਹੀਂ ਹੈ ਪਰ ਬੀ ਸੀ ਬੀ ਆਪਣੀ ਜ਼ਿੱਦ ’ਤੇ ਅੜਿਆ ਹੋਇਆ ਹੈ। ਬੰਗਲਾਦੇਸ਼ ਬੋਰਡ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਕੋਲਕਾਤਾ ਅਤੇ ਮੁੰਬਈ ਵਿੱਚ ਹੋਣ ਵਾਲੇ ਆਪਣੇ ਗਰੁੱਪ ਮੈਚ ਖੇਡਣ ਲਈ ਭਾਰਤ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਬੀ ਸੀ ਬੀ ਦੀ ਮੰਗ ਹੈ ਕਿ ਉਨ੍ਹਾਂ ਦੇ ਮੈਚ ਸ੍ਰੀਲੰਕਾ ਵਿੱਚ ਤਬਦੀਲ ਕੀਤੇ ਜਾਣ ਜਾਂ ਫਿਰ ਉਨ੍ਹਾਂ ਦਾ ਗਰੁੱਪ ਬਦਲਿਆ ਜਾਵੇ। ਬੋਰਡ ਨੇ ਗਰੁੱਪ ਵਿੱਚ ਆਇਰਲੈਂਡ ਨਾਲ ਅਦਲਾ-ਬਦਲੀ ਕਰਨ ਦੀ ਤਜਵੀਜ਼ ਵੀ ਰੱਖੀ ਸੀ ਤਾਂ ਜੋ ਉਹ ਸਾਰੇ ਮੈਚ ਸ੍ਰੀਲੰਕਾ ’ਚ ਖੇਡ ਸਕੇ। ਬੰਗਲਾਦੇਸ਼ ਦੇ ਸਾਬਕਾ ਕਪਤਾਨ ਤਮੀਮ ਇਕਬਾਲ ਤੇ ਮੌਜੂਦਾ ਟੈਸਟ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਮਾਮਲੇ ’ਤੇ ਸਖਤ ਰੁਖ ਅਪਣਾਉਣ ਦੇ ਮਾੜੇ ਨਤੀਜੇ ਅਗਲੇ 10 ਸਾਲਾਂ ਤੱਕ ਭੁਗਤਣੇ ਪੈ ਸਕਦੇ ਹਨ।

Share: