Delhi-NCR Weather Update: ਦਿੱਲੀ ’ਚ ਸੰਘਣੀ ਧੁੰਦ ਕਾਰਨ ਉਡਾਣਾਂ ਵਿੱਚ ਦੇਰੀ; ਹਵਾ ਦੀ ਗੁਣਵੱਤਾ ‘ਬਹੁਤ ਖਰਾਬ’

Delhi-NCR Weather Update: ਦਿੱਲੀ ’ਚ ਸੰਘਣੀ ਧੁੰਦ ਕਾਰਨ ਉਡਾਣਾਂ ਵਿੱਚ ਦੇਰੀ; ਹਵਾ ਦੀ ਗੁਣਵੱਤਾ ‘ਬਹੁਤ ਖਰਾਬ’

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਸੀਤ ਲਹਿਰ ਦੀਆਂ ਸਥਿਤੀਆਂ ਬਰਕਰਾਰ ਰਹਿਣ ਕਾਰਨ ਸ਼ਨਿਚਰਵਾਰ ਸਵੇਰੇ ਦਿੱਲੀ ਦੇ ਵੱਡੇ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਵਿਜ਼ੀਬਿਲਟੀ ਘੱਟ ਗਈ ਅਤੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਹਵਾਈ ਅੱਡੇ ‘ਤੇ ਕਈ ਉਡਾਣਾਂ ਵਿੱਚ ਦੇਰੀ ਹੋਈ। ਅਥਾਰਿਟੀ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ ਆਪਣੀ ਸਬੰਧਤ ਏਅਰਲਾਈਨਜ਼ ਤੋਂ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਨ, ਕਿਉਂਕਿ ਧੁੰਦ ਕਾਰਨ ਸੰਚਾਲਨ ਵਿੱਚ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਸੁਧਾਰ ਦਰਜ ਕੀਤਾ ਹੈ, ਜੋ ਸ਼ਨਿਚਵਾਰ ਸਵੇਰੇ 7 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਸ਼ੁੱਕਰਵਾਰ ਨੂੰ ਇਹ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਤਾਪਮਾਨ ਵਿੱਚ ਮਾਮੂਲੀ ਵਾਧੇ ਦੇ ਬਾਵਜੂਦ, ਸਵੇਰ ਦੇ ਸਮੇਂ ਵਿਜ਼ੀਬਿਲਟੀ ਘੱਟ ਰਹੀ, ਜਿਸ ਨਾਲ ਪੂਰੇ ਸ਼ਹਿਰ ਵਿੱਚ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਦਿੱਲੀ ਦੀ ਹਵਾ ਦੀ ਗੁਣਵੱਤਾ ਇੱਕ ਵੱਡੀ ਚਿੰਤਾ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਸ਼ਨਿਚਰਵਾਰ ਸਵੇਰੇ 7 ਵਜੇ ਦੇ ਕਰੀਬ ਕੌਮੀ ਰਾਜਧਾਨੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 368 ਦਰਜ ਕੀਤਾ ਗਿਆ, ਜੋ ਇਸ ਨੂੰ “ਬਹੁਤ ਖਰਾਬ” ਸ਼੍ਰੇਣੀ ਵਿੱਚ ਰੱਖਦਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਦਿੱਲੀ ਵਿੱਚ ਵਿਗੜਦੀ ਹਵਾ ਦੀ ਗੁਣਵੱਤਾ ਦੇ ਮੱਦੇਨਜ਼ਰ, ਐਨਸੀਆਰ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਦੀ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੀ ਸਬ-ਕਮੇਟੀ ਨੇ ਇੱਕ ਮੀਟਿੰਗ ਕੀਤੀ ਸੀ।

Share: