ਗੁਰੂਗ੍ਰਾਮ: ਹਰਿਆਣਾ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਸ਼ੁੱਕਰਵਾਰ ਨੂੰ ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਚਾਰ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਕੋਲੋਂ ਚਾਰ ਵਿਦੇਸ਼ੀ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਮਨ, ਲੋਕੇਸ਼, ਬਲਰਾਜ ਉਰਫ਼ ਬਲਰਾਮ ਅਤੇ ਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਕੈਥਲ ਜ਼ਿਲ੍ਹੇ ਦੇ ਪਿੰਡ ਮੁੰਦਰੀ ਦੇ ਰਹਿਣ ਵਾਲੇ ਹਨ।
ਐੱਸਟੀਐੱਫ ਅਨੁਸਾਰ ਇਹ ਮੁਲਜ਼ਮ ਅਮਰੀਕਾ ਵਿੱਚ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ, ਜਿੱਥੇ ਉਨ੍ਹਾਂ ਨੇ 2024 ਵਿੱਚ ਕੈਲੀਫੋਰਨੀਆ ਵਿੱਚ ਗੈਂਗਸਟਰ ਸੁਨੀਲ ਯਾਦਵ ਦੇ ਕਤਲ ਅਤੇ ਗੈਂਗਸਟਰ ਹੈਰੀ ਬਾਕਸਰ ‘ਤੇ ਜਾਨਲੇਵਾ ਹਮਲੇ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਹਮਲੇ ਲਾਰੈਂਸ ਬਿਸ਼ਨੋਈ ਗੈਂਗ ਦੀ ਅੰਦਰੁਨੀ ਫੁੱਟ ਦਾ ਨਤੀਜਾ ਸਨ। ਇਹ ਮੁਲਜ਼ਮ ਹਰਿਆਣਾ, ਦਿੱਲੀ, ਪੰਜਾਬ ਅਤੇ ਰਾਜਸਥਾਨ ਵਿੱਚ ਵਪਾਰੀਆਂ ਤੋਂ ਫਿਰੌਤੀ ਵਸੂਲਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵੀ ਸਰਗਰਮ ਸਨ। ਹਰਿਆਣਾ ਐੱਸਟੀਐੱਫ ਦੇ ਆਈਜੀ ਬੀ. ਸਤੀਸ਼ ਬਾਲਨ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੰਟਰਪੋਲ ਅਤੇ ਅਮਰੀਕੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ ਤਾਂ ਜੋ ਅੰਤਰਰਾਸ਼ਟਰੀ ਪੱਧਰ ‘ਤੇ ਕਾਨੂੰਨੀ ਤਾਲਮੇਲ ਬਣਾ ਕੇ ਇਨ੍ਹਾਂ ਸਰਹੱਦ ਪਾਰ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ।
