ਪਟਿਆਲਾ/ਲੰਬੀ: ਪੰਜਾਬ ਦੇ ਮੁੱਖ ਮੰਤਰੀ ਦੇ ਸਾਬਕਾ ਓਐਸਡੀ ਓਂਕਾਰ ਸਿੰਘ ਸਣੇ ਚਾਰ ਆਗੂਆਂ ਦੇ ਅੱਜ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਾਰਟੀ ਵਿਚ ਸ਼ਾਮਲ ਕਰਵਾਉਣਗੇ। ਪਿਛਲੇ ਦਿਨੀਂ ਅਕਾਲੀ ਦਲ ਪੁਨਰ ਸੁਰਜੀਤੀ ਤੋਂ ਅਸਤੀਫਾ ਦੇਣ ਵਾਲੇ ਚਰਨਜੀਤ ਸਿੰਘ ਬਰਾੜ ਵੀ ਇਸ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਇਸੇ ਤਰ੍ਹਾਂ ਜਗਮੀਤ ਬਰਾੜ ਤੇ ਰਿਪਜੀਤ ਬਰਾੜ ਵੀ ਭਾਜਪਾ ਵਿਚ ਸ਼ਾਮਲ ਹੋਣਗੇ। ਆਮ ਆਦਮੀ ਪਾਰਟੀ ਆਗੂ ਤੇ ਸਾਬਕਾ ਓਐਸਡੀ ਪ੍ਰੋ. ਓਂਕਾਰ ਸਿੰਘ ਲੰਬੀ ਹਲਕੇ ਦੇ ਪਿੰਡ ਰੋੜਾਂਵਾਲੀ ਨਾਲ ਸਬੰਧਤ ਹਨ। ਪ੍ਰੋ. ਓਂਕਾਰ ਸਿੰਘ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਪ੍ਰਮੁੱਖ ਲੀਡਰਸ਼ਿੱਪ ਦੀ ਮੌਜੂਦਗੀ ਵਿੱਚ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਭਾਜਪਾ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਤੋਂ ਉਮੀਦਵਾਰ ਬਣਾਉਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਬਦਲਦੇ ਸਿਆਸੀ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗਠਜੋੜ ਨਹੀਂ ਬਣਦਾ, ਤਾਂ ਪ੍ਰੋ. ਓਂਕਾਰ ਸਿੰਘ ਨੂੰ ਲੰਬੀ ਹਲਕੇ ਤੋਂ ਵੀ ਭਾਜਪਾ ਦਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਨੇੜਤਾ ਕਾਰਨ ਉਹ ਲਗਪਗ ਦੋ ਸਾਲ ਤੱਕ ਬਤੌਰ ਡੈਪੂਟੇਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਹੇ। ਇਸ ਦੌਰਾਨ ਉਨ੍ਹਾਂ ਦਾ ਮੁੱਖ ਕਾਰਜ ਖੇਤਰ ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਧੂਰੀ ਰਿਹਾ, ਜਿੱਥੇ ਉਹ ਵੱਡੇ ਪੱਧਰ ’ਤੇ ਲੋਕ ਰਾਬਤੇ ਵਿੱਚ ਰਹੇ।
ਉਨ੍ਹਾਂ ਦਾ ਪਿਛੋਕੜ ਲੰਬੀ ਹਲਕੇ ਦੀ ਰਿਵਾਇਤੀ ਸਿਆਸਤ ਨਾਲ ਵੀ ਜੁੜਿਆ ਰਿਹਾ ਹੈ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਅਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੀ ਟੀਮ ਨਾਲ ਵੀ ਸਬੰਧਤ ਰਹੇ ਹਨ।

