ਜਲੰਧਰ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ‘ਆਪ’ ਆਗੂ ਆਤਿਸ਼ੀ ਦੀ ਕਥਿਤ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਜਲੰਧਰ ਅਦਾਲਤ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੀਡੀਓ ਨੂੰ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਵੀਡੀਓ ਪੋਸਟ ਕਰਨ ਵਾਲੇ ਭਾਜਪਾ ਆਗੂ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਖਾਤੇ ਤੋਂ ਵੀ ਵੀਡੀਓ ਦੇ ਸਾਰੇ ਲਿੰਕ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਆਤਿਸ਼ੀ ਦੀ ਕਥਿਤ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਜਲੰਧਰ ਪੁਲੀਸ ਨੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ਿਕਾਇਤਕਰਤਾ ਇਕਬਾਲ ਸਿੰਘ ਨੇ ਦੋਸ਼ ਲਾਇਆ ਸੀ ਕਿ 7 ਜਨਵਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਥਿਤ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਸਿੱਖ ਗੁਰੂਆਂ ਦੇ ਖ਼ਿਲਾਫ਼ ਕਥਿਤ ਟਿੱਪਣੀ ਕੀਤੀ ਗਈ ਸੀ। ਇਸ ਸਬੰਧੀ ਆਤਿਸ਼ੀ ਨੇ ਅਜਿਹੀ ਕਿਸੇ ਵੀ ਟਿੱਪਣੀ ਤੋਂ ਇਨਕਾਰ ਕਰਦਿਆਂ ਆਪਣਾ ਸਪੱਸ਼ਟੀਕਰਨ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ’ਤੇ ਪਾਇਆ ਸੀ। ਸ਼ਿਕਾਇਤਕਰਤਾ ਇਕਬਾਲ ਸਿੰਘ ਨੇ ਇਹ ਵੀਡੀਓ ਜਾਰੀ ਕਰਨ ਅਤੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਭਾਜਪਾ ਝੂਠ ਤੇ ਨਫਰਤ ਦੀ ਕਰ ਰਹੀ ਹੈ ਸਿਆਸਤ: ‘ਆਪ’
‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜਲੰਧਰ ਦੀ ਅਦਾਲਤ ਵੱਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਵੀਡੀਓ ਬਾਰੇ ਭਾਜਪਾ ਦੇ ਝੂਠ, ਫਰੇਬ ਅਤੇ ਗਲਤ ਇਰਾਦੇ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਜਾਣਬੁੱਝ ਕੇ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਫਰਜ਼ੀ ਵੀਡੀਓ ਸ਼ੇਅਰ ਕਰਨ ਅਤੇ ਪ੍ਰਚਾਰ ਕਰਨ ਲਈ ਮੁਆਫ਼ੀ ਮੰਗੇ।

