ਲੁਧਿਆਣਾ: ਇਥੇ ਮਾਘੀ ਮੌਕੇ ਅਯਾਲੀ ਕਲਾਂ ਇਲਾਕੇ ਦੇ ਗੁਰਦੁਆਰੇ ਵਿੱਚ ਪ੍ਰਸ਼ਾਦ ਖਾਣ ਤੋਂ ਬਾਅਦ ਕਰੀਬ 40-45 ਵਿਅਕਤੀਆਂ ਨੂੰ ਜ਼ਹਿਰਬਾਦ ਹੋਣ ਦੀ ਖ਼ਬਰ ਹੈ। ਪੀੜਤਾਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਮਗਰੋਂ ਰਘੂਨਾਥ ਹਸਪਤਾਲ ਅਤੇ ਮਾਹਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲੀਸ ਅਤੇ ਸਿਹਤ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ। ਉਂਝ ਜਿਵੇਂ ਹੀ ਵੱਡੀ ਗਿਣਤੀ ਸ਼ਰਧਾਲੂਆਂ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਤਾਂ ਦਹਿਸ਼ਤ ਫੈਲ ਗਈ।
ਜਾਣਕਾਰੀ ਮੁਤਾਬਕ ਅਯਾਲੀ ਕਲਾਂ ਵਿੱਚ ਮਾਘੀ ਦੇ ਤਿਉਹਾਰ ਮੌਕੇ ਗੁਰਦੁਆਰੇ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਪ੍ਰਸ਼ਾਦ ਖਾਣ ਤੋਂ ਤੁਰੰਤ ਬਾਅਦ, ਕਈ ਸ਼ਰਧਾਲੂਆਂ ਦੀ ਸਿਹਤ ਵਿਗੜਨ ਲੱਗੀ। ਲਗਪਗ 45 ਵਿਅਕਤੀਆਂ ਨੇ ਉਲਟੀਆਂ, ਦਸਤ ਅਤੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਇਹ ਘਟਨਾ ਅਯਾਲੀ ਖੁਰਦ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੀ ਦੱਸੀ ਜਾਂਦੀ ਹੈ। ਇਥੇ ਮਾਘੀ ਮੌਕੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਲੰਗਰ ਛਕਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਬਿਮਾਰੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਣਕਾਰੀ ਅਨੁਸਾਰ ਪ੍ਰਸ਼ਾਦ ਵਜੋਂ ਪਰੋਸੇ ਜਾਣ ਵਾਲੇ ਹਲਵੇ ਕਾਰਨ ਕਥਿਤ ਤੌਰ ’ਤੇ ਜ਼ਹਿਰਬਾਦ ਹੋਣ ਦਾ ਸ਼ੱਕ ਹੈ।
ਇਸ ਦੌਰਾਨ ਸਬੰਧਤ ਐਸਐਚਓ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮਰੀਜ਼ਾਂ ਦੇ ਮੈਡੀਕਲ ਟੈਸਟ ਕੀਤੇ ਜਾ ਰਹੇ ਹਨ। ਪੁਲੀਸ ਅਧਿਕਾਰੀ ਨੇ ਕਿਹਾ, ‘‘ਇੱਕ ਵਾਰ ਡਾਕਟਰ ਤਸਵੀਰ ਸਾਫ਼ ਕਰ ਦੇਣ ਤਾਂ ਅਸੀਂ ਹੋਰ ਟਿੱਪਣੀ ਕਰ ਸਕਾਂਗੇ। ਹਾਲਾਂਕਿ, ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮਰੀਜ਼ਾਂ ਦੀ ਹਾਲਤ ਸਥਿਰ ਹੈ।’’ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਵਿੱਚ ਬਜ਼ੁਰਗ ਨਾਗਰਿਕ, ਔਰਤਾਂ ਅਤੇ ਬੱਚੇ ਸ਼ਾਮਲ ਹਨ। ਮਰੀਜ਼ਾਂ ਵਿੱਚੋਂ ਇੱਕ, ਮਨਜੀਤ ਕੌਰ ਨੇ ਕਿਹਾ ਕਿ ਉਹ ਪ੍ਰਸ਼ਾਦ ਘਰ ਲੈ ਗਈ ਸੀ ਅਤੇ ਜਿਸ ਨੇ ਵੀ ਇਸ ਨੂੰ ਖਾਧਾ ਉਹ ਬਿਮਾਰ ਹੋ ਗਿਆ।

