ਕੈਨੇਡਾ: ਸਕੂਲ ਬੱਸ ਬੇਕਾਬੂ ਹੋ ਕੇ ਪਲਟੀ; ਡਰਾਈਵਰ ਤੇ 14 ਵਿਦਿਆਰਥੀ ਜ਼ਖ਼ਮੀ

ਕੈਨੇਡਾ: ਸਕੂਲ ਬੱਸ ਬੇਕਾਬੂ ਹੋ ਕੇ ਪਲਟੀ; ਡਰਾਈਵਰ ਤੇ 14 ਵਿਦਿਆਰਥੀ ਜ਼ਖ਼ਮੀ

ਵਿਨੀਪੈੱਗ: ਕੈਨੇਡਾ ਵਿਚ ਇਕ ਸਕੂਲ ਬੱਸ ਬੇਕਾਬੂ ਹੋ ਕੇ ਪਲਟ ਗਈ ਜਿਸ ਕਾਰਨ ਡਰਾਈਵਰ ਤੇ 14 ਵਿਦਿਆਰਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਚਾਰ ਜਣਿਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੈਲੀਕਾਪਟਰ ਰਾਹੀਂ ਵਿਨੀਪੈਗ ਦੇ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਮੈਨੀਟੋਬਾ ਸੂਬੇ ਦੇ ਹਾਈਵੇਅ 10’ਤੇ ਮੈਫ਼ੇਕਿੰਗ ਕਸਬੇ ਤੋਂ 13 ਕਿਲੋਮੀਟਰ ਦੱਖਣ ਵੱਲ ਉਸ ਵੇਲੇ ਵਾਪਰਿਆ ਜਦੋਂ ਸਕੂਲ ਬੱਸ ਦੇ ਡਰਾਈਵਰ ਨੇ ਇਕ ਹੋਰ ਬੱਸ ਨੂੰ ਓਵਰਟੇਕ ਕਰਨ ਦਾ ਯਤਨ ਕੀਤਾ ਪਰ ਰਫ਼ਤਾਰ ਜ਼ਿਆਦਾ ਹੋਣ ਕਰ ਕੇ ਇਹ ਬੱਸ ਬੇਕਾਬੂ ਹੋ ਗਈ ਅਤੇ ਖਤਾਨਾਂ ਵਿਚ ਪਲਟ ਗਈ। ਬੱਸ ਵਿਚ ਸਵਾਰ ਬੱਚੇ ਸਕੂਲ ਜਾ ਰਹੇ ਸਨ। ਸਵੈਨ ਵੈਲੀ ਸਕੂਲ ਡਿਵੀਜ਼ਨ ਨੇ ਦੱਸਿਆ ਕਿ ਹਾਦਸੇ ਵੇਲੇ ਬੱਸ ਵਿਚ 16 ਸਾਲ ਤੋਂ 18 ਸਾਲ ਉਮਰ ਦੇ 14 ਵਿਦਿਆਰਥੀ ਅਤੇ ਡਰਾਈਵਰ ਸਵਾਰ ਸੀ।

ਸਿਹਤ ਵਿਭਾਗ ਨੇ ਦੱਸਿਆ ਕਿ 15 ਜ਼ਖ਼ਮੀਆਂ ਨੂੰ ਸਵੈਨ ਵੈਲੀ ਹੈਲਥ ਸੈਂਟਰ ਭੇਜਿਆ ਗਿਆ ਅਤੇ ਇਨ੍ਹਾਂ ਵਿਚੋਂ ਚਾਰ ਜਣਿਆਂ ਨੂੰ ਏਅਰ ਲਿਫ਼ਟ ਕਰਦਿਆਂ ਵਿਨੀਪੈਗ ਦੇ ਚਿਲਡਰਨ ਹਸਪਤਾਲ ਅਤੇ ਐਡਲਟ ਐਮਰਜੈਂਸੀ ਸੈਂਟਰ ਵਿਚ ਦਾਖਲ ਕਰਵਾਇਆ ਗਿਆ। ਕਈ ਵਿਦਿਆਰਥੀਆਂ ਦੇ ਟਾਂਕੇ ਲੱਗੇ ਅਤੇ ਕਈ ਦੇ ਮੋਢੇ ਦੀ ਹੱਡੀ ਟੁੱਟ ਗਈ। ਹਾਦਸੇ ਬਾਰੇ ਪਤਾ ਲਗਦਿਆਂ ਹੀ ਮਾਪਿਆਂ ਵਿਚ ਘਬਰਾਹਟ ਪੈਦਾ ਹੋ ਗਈ ਅਤੇ ਉਹ ਆਪਣੇ ਬੱਚਿਆਂ ਨਾਲ ਮੁਲਾਕਾਤ ਕਰਨ ਪੁੱਜੇ। ਹਾਦਸੇ ਨੂੰ ਵੇਖਦਿਆਂ ਸਕੂਲ ਬੱਸਾਂ ਵਿਚ ਵੀ ਸੀਟ ਬੈਲਟ ਲਾਜ਼ਮੀ ਕੀਤੇ ਜਾਣ ਦੀ ਮੰਗ ਉੱਠ ਰਹੀ ਹੈ।

ਦੱਸ ਦੇਈਏ ਕਿ ਮੈਫ਼ੇਕਿੰਗ ਕਸਬਾ ਵਿਨੀਪੈਗ ਤੋਂ 541 ਕਿੱਲੋਮੀਟਰ ਉਤਰ ਪੱਛਮ ਵੱਲ ਹੈ ਅਤੇ ਆਰ.ਸੀ.ਐੱਮ.ਪੀ. ਦੇ ਫੋਰੈਂਸਿਕ ਮਾਹਿਰ ਹਾਦਸੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁਰੂ ਵਿੱਚ ਵਿਨੀਪੈਗ ਦੇ ਹੈਲਥ ਸਾਇੰਸਿਜ਼ ਸੈਂਟਰ ਵਿੱਚ ਸਾਵਧਾਨੀ ਵਜੋਂ ਓਰੈਂਜ ਅਲਰਟ ਜਾਰੀ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮਰੀਜ਼ਾਂ ਦੀ ਨਿੱਜੀ ਜਾਣਕਾਰੀ ਨੂੰ ਦੇਖਦਿਆਂ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਦੀ ਹਾਲਤ ਬਾਰੇ ਕੋਈ ਹੋਰ ਅੱਪਡੇਟ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸ਼ੁਕਰਗੁਜ਼ਾਰ ਹਨ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Share: