ਇੰਡੀਆ ਓਪਨ: ਸਿੰਧੂ ਪਹਿਲੇ ਗੇੜ ’ਚੋਂ ਹੀ ਬਾਹਰ

ਇੰਡੀਆ ਓਪਨ: ਸਿੰਧੂ ਪਹਿਲੇ ਗੇੜ ’ਚੋਂ ਹੀ ਬਾਹਰ

ਨਵੀਂ ਦਿੱਲੀ: ਇੱਥੇ ਆਈ ਜੀ ਸਟੇਡੀਅਮ ਵਿੱਚ ਚੱਲ ਰਹੇ 9.50 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਲਈ ਰਲਵਾਂ-ਮਿਲਵਾਂ ਦਿਨ ਰਿਹਾ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ ਵੀ ਸਿੰਧੂ ਨੂੰ ਪਹਿਲੇ ਹੀ ਗੇੜ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਹਾਲਾਂਕਿ, ਸਾਬਕਾ ਵਿਸ਼ਵ ਨੰਬਰ ਇੱਕ ਕਿਦਾਂਬੀ ਸ੍ਰੀਕਾਂਤ ਤੇ ਐੱਚ ਐੱਸ ਪ੍ਰਣੌਏ ਜਿੱਤ ਦਰਜ ਕਰਕੇ ਦੂਜੇ ਗੇੜ ਵਿੱਚ ਪਹੁੰਚ ਗਏ ਹਨ।

ਪਿਛਲੇ ਹਫ਼ਤੇ ਮਲੇਸ਼ੀਆ ਓਪਨ ਦੇ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਸਿੰਧੂ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੀ। ਉਸ ਨੇ ਵੀਅਤਨਾਮ ਦੀ ਥੁਈ ਲਿਨ ਐਨਗੁਏਨ ਖ਼ਿਲਾਫ਼ ਪਹਿਲੀ ਗੇਮ ਮੁਸ਼ਕਲ ਨਾਲ ਜਿੱਤੀ ਪਰ ਅਗਲੀਆਂ ਦੋ ਗੇਮਾਂ ਹਾਰ ਕੇ 22-20, 12-21, 15-21 ਨਾਲ ਮੈਚ ਗੁਆ ਬੈਠੀ। ਇਹ ਮੁਕਾਬਲਾ 68 ਮਿੰਟ ਤੱਕ ਚੱਲਿਆ।  ਸ੍ਰੀਕਾਂਤ ਨੂੰ ਵੀ ਆਪਣੇ ਹਮਵਤਨ ਤਰੁਣ ਮੰਨੇਪੱਲੀ ਖਿਲਾਫ਼ ਜਿੱਤ ਲਈ ਸੰਘਰਸ਼ ਕਰਨਾ ਪਿਆ। ਉਸ ਨੇ ਪਹਿਲੀ ਗੇਮ ਹਾਰਨ ਤੋਂ ਬਾਅਦ ਵਾਪਸੀ ਕੀਤੀ ਅਤੇ ਮੈਚ 15-21, 21-6, 21-19 ਨਾਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਐੱਚ ਐੱਸ ਪ੍ਰਣੌਏ ਨੇ ਪਿਛਲੇ ਸਾਲ ਦੇ ਉਪ ਜੇਤੂ ਲੀ ਚਿਊਕ ਯਿਊ ਨੂੰ 22-20, 21-18 ਨਾਲ ਹਰਾਇਆ। ਮਹਿਲਾ ਵਰਗ ਵਿੱਚ ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰ ਰਹੀ ਮਾਲਵਿਕਾ ਬੰਸੋੜ ਨੇ ਚੀਨੀ ਤਾਇਪੇ ਦੀ ਪਾਈ ਯੂ ਪੋ ਨੂੰ 21-18, 21-19 ਨਾਲ ਹਰਾਇਆ।

ਮਹਿਲਾ ਡਬਲਜ਼ ਵਿੱਚ ਟਰੀਜ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਨੇ ਥਾਈਲੈਂਡ ਦੀ ਜੋੜੀ ਨੂੰ 21-15, 21-11 ਨਾਲ ਮਾਤ ਦਿੱਤੀ। ਹੁਣ ਉਨ੍ਹਾਂ ਦਾ ਸਾਹਮਣਾ ਚੀਨ ਦੀ ਸੱਤਵਾਂ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ। ਹਾਲਾਂਕਿ, ਮਿਕਸਡ ਡਬਲਜ਼ ਵਿੱਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਧਰੁਵ ਕਪਿਲਾ ਤੇ ਤਨੀਸ਼ਾ ਕਰਸਾਟੋ; ਰੋਹਨ ਕਪੂਰ ਤੇ ਰੁਤਵਿਕਾ ਸ਼ਿਵਾਨੀ ਅਤੇ ਅਸਿਤ ਸੂਰਿਆ ਤੇ ਅੰਮ੍ਰਿਤਾ ਪ੍ਰਮੁਥੇਸ਼ ਦੀਆਂ ਜੋੜੀਆਂ ਪਹਿਲੇ ਗੇੜ ਵਿੱਚ ਹੀ ਹਾਰ ਕੇ ਬਾਹਰ ਹੋ ਗਈਆਂ।

ਸਟੇਡੀਅਮ ਦੀਆਂ ਸਹੂਲਤਾਂ ਬਾਰੇ ਵਿਵਾਦ ਬੇਲੋੜਾ: ਸ੍ਰੀਕਾਂਤ

ਸਾਬਕਾ ਵਿਸ਼ਵ ਨੰਬਰ ਇੱਕ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਇੰਡੀਆ ਓਪਨ ਦੌਰਾਨ ਇੰਦਰਾ ਗਾਂਧੀ ਸਟੇਡੀਅਮ ਦੀਆਂ ਸਹੂਲਤਾਂ ਬਾਰੇ ਉੱਠੇ ਵਿਵਾਦ ਨੂੰ ਬੇਲੋੜਾ ਦੱਸਿਆ ਹੈ। ਉਸ ਨੇ ਡੈਨਮਾਰਕ ਦੀ ਖਿਡਾਰਨ ਮੀਆ ਬਲਿਚਫੈਲਡ ਵੱਲੋਂ ਵਾਤਾਵਰਨ ‘ਗੈਰ-ਸਿਹਤਮੰਦ’ ਦੱਸਣ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਸ ਨੂੰ ਸਟੇਡੀਅਮ ਵਿੱਚ ਕੁਝ ਵੀ ਮਾੜਾ ਨਜ਼ਰ ਨਹੀਂ ਆਇਆ। ਸ੍ਰੀਕਾਂਤ ਨੇ ਕਿਹਾ ਕਿ ਹਰ ਦੇਸ਼ ਦੇ ਖੇਡ ਮੈਦਾਨਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਹਨ। ਜਿਵੇਂ ਸਿੰਗਾਪੁਰ ਵਿੱਚ ਹਵਾ ਦਾ ਵਹਾਅ ਜ਼ਿਆਦਾ ਹੁੰਦਾ ਹੈ, ਉਸੇ ਤਰ੍ਹਾਂ ਇੱਥੇ ਵੀ ਹਾਲਾਤ ਵੱਖਰੇ ਹੋ ਸਕਦੇ ਹਨ। ਉਸ ਨੇ 2016-17 ਵਿੱਚ ਡੈਨਮਾਰਕ ਵਿੱਚ ਬਿਜਲੀ ਜਾਣ ਦੀ ਘਟਨਾ ਦਾ ਵੀ ਹਵਾਲਾ ਦਿੱਤਾ।

Share: