ਦੁਬੲੀ: ਇਰਾਨ ’ਚ ਹਕੂਮਤ ਖ਼ਿਲਾਫ਼ ਪ੍ਰਦਰਸ਼ਨਾਂ ਮਗਰੋਂ ਹਾਲਾਤ ਗੰਭੀਰ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ’ਚ ਮੌਤਾਂ ਦਾ ਅੰਕੜਾ 2600 ਤੋਂ ਪਾਰ ਹੋ ਗਿਆ ਹੈ। ਇਜ਼ਰਾਈਲ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ’ਚ ਕਾਰਵਾਈ ਦਾ ਫ਼ੈਸਲਾ ਕਰ ਲਿਆ ਹੈ ਪਰ ਇਹ ਕਦੋਂ ਅਤੇ ਕਿੰਨੀ ਕੁ ਸਖ਼ਤ ਹੋਵੇਗੀ, ਇਸ ਬਾਰੇ ਕੁਝ ਵੀ ਨਹੀਂ ਦੱਸਿਆ। ਉਧਰ, ਇਰਾਨ ਨੇ ਮੱਧ ਪੂਰਬ ’ਚ ਅਮਰੀਕੀ ਭਾਈਵਾਲਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਵਾਸ਼ਿੰਗਟਨ ਨੇ ਹਮਲਾ ਕੀਤਾ ਤਾਂ ਅਮਰੀਕੀ ਅੱਡਿਆਂ ’ਤੇ ਹਮਲੇ ਕੀਤੇ ਜਾਣਗੇ। ਉਂਜ, ਇਰਾਨ ਵੱਲੋਂ ਤੁਰਕੀ, ਯੂ ਏ ਈ ਅਤੇ ਕਤਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਤਣਾਅ ਦਰਮਿਆਨ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਅਤੇ ਅਮਰੀਕੀ ਵਿਸ਼ੇਸ਼ ਸਫ਼ੀਰ ਸਟੀਵ ਵਿਟਕੌਫ ਵਿਚਕਾਰ ਹੋਣ ਵਾਲੀ ਵਾਰਤਾ ਰੱਦ ਹੋ ਗਈ ਹੈ। ਟਰੰਪ ਨੇ ਮੰਗਲਵਾਰ ਨੂੰ ਇਕ ਇੰਟਰਵਿਊ ’ਚ ਕਿਹਾ ਕਿ ਜੇ ਇਰਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਫਾਹੇ ਟੰਗਣ ਦੀ ਗੁਸਤਾਖੀ ਕੀਤੀ ਤਾਂ ਬਹੁਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ‘ਸਹਾਇਤਾ ਛੇਤੀ ਪਹੁੰਚਣ’ ਦੀ ਗੱਲ ਆਖਦਿਆਂ ਇਰਾਨੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਦਰਸ਼ਨ ਜਾਰੀ ਰੱਖਣ ਅਤੇ ਅਦਾਰਿਆਂ ’ਤੇ ਕਬਜ਼ੇ ਕਰ ਲੈਣ।
ਇਰਾਨ ਦੇ ਚੀਫ ਜਸਟਿਸ ਗੁਲਾਮ ਹੁਸੈਨ ਮੋਹਸੇਨੀ-ਇਜੇਈ ਨੇ ਕਿਹਾ ਕਿ ਜਿਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਲੋਕਾਂ ਦੇ ਸਿਰ ਕਲਮ ਕੀਤੇ ਹਨ ਜਾਂ ਸਾੜ ਦਿੱਤਾ ਹੈ, ਉਨ੍ਹਾਂ ਖ਼ਿਲਾਫ਼ ਫੌਰੀ ਫ਼ੈਸਲੇ ਸੁਣਾ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਰਾਨ ’ਚ ਹੁਣ ਤੱਕ 18,127 ਗ੍ਰਿਫ਼ਤਾਰੀਆਂ ਹੋਈਆਂ ਹਨ। ਪ੍ਰਦਰਸ਼ਨਾਂ ਮਗਰੋਂ ਇਰਾਨੀ ਹਕੂਮਤ ਨੇ ਇੰਟਰਨੈੱਟ ਬੰਦ ਕਰ ਦਿੱਤਾ ਸੀ ਅਤੇ ਹੁਣ ਸਟਾਰਲਿੰਕ ਨੇ ਉਥੋਂ ਦੇ ਲੋਕਾਂ ਨੂੰ ਮੁਫ਼ਤ ’ਚ ਸੇਵਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਰਾਨ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਮਾਰੇ ਗਏ 100 ਸੁਰੱਖਿਆ ਮੁਲਾਜ਼ਮਾਂ ਦੇ ਸਮੂਹਿਕ ਜਨਾਜ਼ੇ ’ਚ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਇਸ ਦੌਰਾਨ ਲੋਕਾਂ ਨੇ ਹੱਥਾਂ ਵਿੱਚ ਇਰਾਨੀ ਝੰਡੇ ਅਤੇ ਆਇਤੁੱਲਾ ਅਲੀ ਖਮੇਨੀ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ।
ਚੀਨ ਵੱਲੋਂ ਇਰਾਨ ’ਚ ਬਾਹਰੀ ਦਖ਼ਲ ਦਾ ਵਿਰੋਧ
ਪੇਈਚਿੰਗ: ਚੀਨ ਨੇ ਇਰਾਨ ਦੇ ਅੰਦਰੂਨੀ ਮਾਮਲਿਆਂ ’ਚ ਕਿਸੇ ਵੀ ਬਾਹਰੀ ਦਖ਼ਲ ਦਾ ਵਿਰੋਧ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਓ ਨਿੰਗ ਨੇ ਟਰੰਪ ਦੇ ਬਿਆਨਾਂ ਮਗਰੋਂ ਚੀਨ ਦੇ ਸਟੈਂਡ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਚੀਨ ਕੌਮਾਂਤਰੀ ਸਬੰਧਾਂ ’ਚ ਫ਼ੌਜ ਦੀ ਵਰਤੋਂ ਜਾਂ ਧਮਕੀਆਂ ਦੇਣ ਦੀ ਹਮਾਇਤ ਨਹੀਂ ਕਰਦਾ ਹੈ।

