ਲੁਧਿਆਣਾ: ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਅੱਜ ਉਸ ਵੇਲੇ ਭਾਜੜ ਮਚ ਗਈ ਜਦੋਂ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ। ਇੱਕ ਹਫ਼ਤੇ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਅਦਾਲਤ ਨੂੰ ਨਿਸ਼ਾਨਾ ਬਣਾਉਣ ਦੀ ਅਜਿਹੀ ਧਮਕੀ ਮਿਲੀ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਹੈ ਅਤੇ ਵਕੀਲਾਂ ਨੂੰ ਆਪਣੇ ਚੈਂਬਰਾਂ ਵਿੱਚ ਨਾ ਜਾਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ, ਇਹ ਧਮਕੀ ਬੁੱਧਵਾਰ ਸਵੇਰੇ ਅਦਾਲਤ ਦੇ ਅਧਿਕਾਰਤ ਮੇਲ ਆਈਡੀ ’ਤੇ ਭੇਜੀ ਗਈ ਸੀ। ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਹੀ ਸਮੇਂ ਵਿੱਚ ਅਦਾਲਤ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।
ਇਸ ਦੀ ਸੂਚਨਾ ਮਿਲਦੇ ਹੀ ਪੁਲੀਸ ਦੇ ਉੱਚ ਅਧਿਕਾਰੀ ਬੰਬ ਨਿਰੋਧੀ ਦਸਤੇ (Bomb Disposal Squad) ਅਤੇ ਡੌਗ ਸਕੁਐਡ ਦੇ ਨਾਲ ਮੌਕੇ ’ਤੇ ਪਹੁੰਚ ਗਏ। ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪੂਰੇ ਕੰਪਲੈਕਸ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ ਨੇ ਵਕੀਲਾਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅੱਜ ਅਦਾਲਤ ਵਿੱਚ ‘ਨੋ ਵਰਕ ਡੇਅ’ ਦਾ ਐਲਾਨ ਕਰ ਦਿੱਤਾ ਹੈ।
ਅਦਾਲਤ ਵਿੱਚ ਛੁੱਟੀ ਹੋਣ ਕਾਰਨ ਦੂਰ-ਦੂਰ ਤੋਂ ਆਏ ਸੈਂਕੜੇ ਲੋਕਾਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਵਾਪਸ ਮੁੜਨਾ ਪਿਆ। ਪੁਲੀਸ ਹੁਣ ਈ-ਮੇਲ ਭੇਜਣ ਵਾਲੇ ਦੇ ਆਈਪੀ (IP) ਐਡਰੈੱਸ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਸ ਸ਼ਰਾਰਤ ਜਾਂ ਸਾਜ਼ਿਸ਼ ਪਿੱਛੇ ਮੌਜੂਦ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

