ਚੰਡੀਗੜ੍ਹ: ਪੰਜਾਬ ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਲੋੜੀ ਵਾਲੀ ਰਾਤ ਨੂੰ ਸੰਘਣੀ ਧੁੰਦ ਅਤੇ ਸੀਤ ਲਹਿਰਾਂ ਨੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ। ਇਸ ਦੌਰਾਨ ਸੜਕਾਂ ’ਤੇ ਵਧੇਰੇ ਸੰਘਣੇ ਧੁੰਦ ਹੋਣ ਕਰਕੇ ਦੂਰ ਤੱਕ ਦੇਖਣ ਦੀ ਹੱਦ ਨਾ ਬਰਾਬਰ ਹੀ ਦਰਜ ਕੀਤੀ ਗਈ, ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਚੱਲ ਰਹੀਆਂ ਸੀਤ ਲਹਿਰਾਂ ਨੇ ਆਮ ਲੋਕਾਂ ਨੂੰ ਵੀ ਸਵੇਰ ਸਮੇਂ ਕੰਬਣੀ ਛੇੜੀ ਰੱਖੀ।
ਪੰਜਾਬ ਵਿੱਚ ਅੱਜ ਬਠਿੰਡਾ ਅਤੇ ਫਰੀਦਕੋਟ ਸ਼ਹਿਰ ਸਭ ਤੋਂ ਠੰਢੇ ਰਹੇ। ਦੋਵਾਂ ਸ਼ਹਿਰਾਂ ਵਿੱਚ ਘੱਟੋ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜਦੋਂ ਕਿ ਦੂਜੇ ਪਾਸੇ ਹਰਿਆਣਾ ਵਿੱਚ ਸੋਨੀਪਤ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ। ਸੋਨੀਪਤ ਵਿੱਚ ਘੱਟੋ ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 4.3 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 5.4 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 4.4 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿੱਚ 3.5 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ਵਿੱਚ 4.5 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ਵਿੱਚ 5.6 ਡਿਗਰੀ ਸੈਲਸੀਅਸ, ਮਾਨਸਾ ਵਿੱਚ 5.4 ਡਿਗਰੀ ਸੈਲਸੀਅਸ ਅਤੇ ਰੋਪੜ ਵਿੱਚ ਪੰਜ ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।
ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ ਵਿੱਚ ਘੱਟੋ ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ, ਹਿਸਾਰ ਵਿੱਚ 0.5 ਡਿਗਰੀ ਸੈਲਸੀਅਸ, ਕਰਨਾਲ ਵਿੱਚ 3.6 ਡਿਗਰੀ ਸੈਲਸੀਅਸ, ਮਹਿੰਦਰਗੜ ਵਿੱਚ ਇੱਕ ਡਿਗਰੀ ਸੈਲਸੀਅਸ, ਰੋਹਤਕ ਵਿੱਚ 3.6 ਡਿਗਰੀ ਸੈਲਸੀਅਸ, ਭਿਵਾਨੀ ਵਿੱਚ 1.2 ਡਿਗਰੀ ਸੈਲਸੀਅਸ, ਫਰੀਦਾਬਾਦ ਵਿੱਚ 4.3 ਡਿਗਰੀ ਸੈਲਸੀਅਸ, ਗੁਰੂਗ੍ਰਾਮ ਵਿਚ 0.8 ਡਿਗਰੀ ਸੈਲਸੀਅਸ, ਜੀਂਦ ਵਿੱਚ 3.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ। ਇਹ ਤਾਪਮਾਨ ਇੱਕ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਆਮ ਨਾਲੋਂ ਘੱਟ ਦਰਜ ਕੀਤਾ ਗਿਆ।

