ਇਰਾਨ ਵਿੱਚ ਪ੍ਰਦਰਸ਼ਨਾਂ ’ਚ ਹੁਣ ਤੱਕ ਦੋ ਹਜ਼ਾਰ ਮੌਤਾਂ

ਇਰਾਨ ਵਿੱਚ ਪ੍ਰਦਰਸ਼ਨਾਂ ’ਚ ਹੁਣ ਤੱਕ ਦੋ ਹਜ਼ਾਰ ਮੌਤਾਂ

ਦੁਬਈ:  ਇਰਾਨ ਵਿੱਚ ਚੱਲ ਰਹੇ ਦੇਸ਼ ਪੱਧਰੀ ਰੋਸ ਮੁਜ਼ਾਹਰਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਅੱਜ ਤੇਜ਼ੀ ਨਾਲ ਵਧ ਕੇ ਘੱਟੋ-ਘੱਟ 2 ਹਜ਼ਾਰ ਤੱਕ ਪਹੁੰਚ ਗਈ ਹੈ। ਅਮਰੀਕਾ ਸਥਿਤ ‘ਹਿਊਮਨ ਰਾਈਟਸ ਐਕਟੀਵਿਸਟਜ਼ ਨਿਊਜ਼ ਏਜੰਸੀ’ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਸੰਸਥਾ ਇਰਾਨ ਵਿੱਚ ਮੌਜੂਦ ਆਪਣੇ ਸਮਰਥਕਾਂ ਵੱਲੋਂ ਮੁਹੱਈਆ ਕੀਤੀ ਜਾਣਕਾਰੀ ’ਤੇ ਨਿਰਭਰ ਕਰਦੀ ਹੈ। ਇਸੇ ਦੌਰਾਨ ਇਰਾਨ ਦੇ ਸਰਕਾਰੀ ਟੀਵੀ ਨੇ ਵੱਡੀ ਗਿਣਤੀ ’ਚ ਹੋਈਆਂ ਮੌਤਾਂ ਦੀ ਪਹਿਲੀ ਵਾਰ ਅਧਿਕਾਰਤ ਪੁਸ਼ਟੀ ਕਰਦਿਆਂ ਕਿਹਾ ਕਿ ਦੇਸ਼ ’ਚ ‘ਕਈ ਸ਼ਹੀਦ’ ਹੋਏ ਹਨ। ਰਿਪੋਰਟ ’ਚ ਸ਼ਹੀਦ ਫਾਊਂਡੇਸ਼ਨ ਦੇ ਮੁਖੀ ਅਹਿਮਦ ਮੂਸਾਵੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ।

ਸੰਸਥਾ ਨੇ ਦੱਸਿਆ ਕਿ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਵਿੱਚ ਮਾਰੇ ਗਏ ਲੋਕਾਂ ਵਿੱਚੋਂ 1,847 ਪ੍ਰਦਰਸ਼ਨਕਾਰੀ ਸਨ ਅਤੇ 135 ਸਰਕਾਰੀ ਵਿਅਕਤੀ ਸਨ। ਇਸ ਤੋਂ ਇਲਾਵਾ ਨੌਂ ਬੱਚੇ ਵੀ ਮਾਰੇ ਗਏ ਹਨ ਅਤੇ ਨੌਂ ਅਜਿਹੇ ਆਮ ਨਾਗਰਿਕ ਵੀ ਮਾਰੇ ਗਏ ਹਨ ਜੋ ਪ੍ਰਦਰਸ਼ਨਾਂ ਵਿੱਚ ਹਿੱਸਾ ਨਹੀਂ ਲੈ ਰਹੇ ਸਨ। ਇਰਾਨ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਵਿਦੇਸ਼ਾਂ ਤੋਂ ਇਨ੍ਹਾਂ ਪ੍ਰਦਰਸ਼ਨਾਂ ਦਾ ਅੰਦਾਜ਼ਾ ਲਗਾਉਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਐਸੋਸੀਏਟਿਡ ਪ੍ਰੈੱਸ (ਏਪੀ) ਸੁਤੰਤਰ ਤੌਰ ’ਤੇ ਮੌਤਾਂ ਦੇ ਅੰਕੜਿਆਂ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਹੈ। ਇਰਾਨ ਦੀ ਸਰਕਾਰ ਨੇ ਅਜੇ ਤੱਕ ਮੌਤਾਂ ਦੇ ਕੁੱਲ ਅੰਕੜੇ ਜਾਰੀ ਨਹੀਂ ਕੀਤੇ ਹਨ। ਇਸੇ ਦੌਰਾਨ ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਇਰਾਨ ’ਚ ਇੰਟਰਨੈੱਟ ਤੇ ਕੌਮਾਂਤਰੀ ਫੋਨ ਕਾਲ ਸੇਵਾ ਬੰਦ ਕਰ ਦਿੱਤੀ ਗਈ ਸੀ ਪਰ ਅੱਜ ਦੇਸ਼ ਦੇ ਲੋਕ ਮੋਬਾਈਨ ਫੋਨ ਰਾਹੀਂ ਵਿਦੇਸ਼ਾਂ ’ਚ ਕੁਝ ਫੋਨ ਕਾਲ ਕਰ ਸਕੇ ਹਨ। ਤਹਿਰਾਨ ’ਚ ਕਈ ਲੋਕ ‘ਏਪੀ’ ਨੂੰ ਫੋਨ ਕਰ ਕੇ ਉੱਥੋਂ ਦੇ ਇੱਕ ਪੱਤਰਕਾਰ ਨਾਲ ਗੱਲ ਕਰਨ ’ਚ ਕਾਮਯਾਬ ਰਹੇ ਪਰ ਦੁਬਈ ਸਥਿਤ ‘ਏਪੀ ਬਿਊਰੋ’ ਉਨ੍ਹਾਂ ਨੰਬਰਾਂ ’ਤੇ ਵਾਪਸ ਫੋਨ ਨਹੀਂ ਕਰ ਸਕਿਆ। ਵਿਰੋਧ ਪ੍ਰਦਰਸ਼ਨ ਤੇਜ਼ ਹੋਣ ਮਗਰੋਂ ਲੰਘੇ ਵੀਰਵਾਰ ਇਰਾਨ ’ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਟੈਕਸਟ ਮੈਸੇਜਿੰਗ ਸੇਵਾ ਅਜੇ ਵੀ ਬੰਦ ਹੈ ਅਤੇ ਇਰਾਨ ਵਿੱਚ ਇੰਟਰਨੈੱਟ ਵਰਤੋਂਕਾਰ ਸਿਰਫ ਸਥਾਨਕ ਪੱਧਰ ’ਤੇ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਵੈੱਬਸਾਈਟਾਂ ਹੀ ਖੋਲ੍ਹ ਸਕਦੇ ਸਨ, ਪਰ ਵਿਦੇਸ਼ੀ ਵੈੱਬਸਾਈਟਾਂ ਤੱਕ ਕੋਈ ਪਹੁੰਚ ਨਹੀਂ ਹੈ। ਲੋਕਾਂ ਅਨੁਸਾਰ ਦੰਗਾ ਰੋਕੂ ਪੁਲੀਸ ਦੇ ਅਧਿਕਾਰੀ ਹੈਲਮੇਟ ਅਤੇ ਸੁਰੱਖਿਆ ਕਵਚ ਪਹਿਨੇ ਹੋਏ ਹਨ ਅਤੇ ਉਨ੍ਹਾਂ ਕੋਲ ਡੰਡੇ, ਸ਼ੀਲਡਾਂ, ਸ਼ਾਟਗਨ ਤੇ ਅੱਥਰੂ ਗੈਸ ਲਾਂਚਰ ਹਨ।

ਫਰਾਂਸ, ਨੈਦਰਲੈਂਡਜ਼ ਤੇ ਬਰਤਾਨੀਆ ਵੱਲੋਂ ਇਰਾਨੀ ਰਾਜਦੂਤ ਤਲਬ

ਇਰਾਨ ’ਚ ਮੁਜ਼ਾਹਰਾਕਾਰੀਆਂ ਖ਼ਿਲਾਫ਼ ਹੋ ਰਹੀ ਕਾਰਵਾਈ ਦੇ ਰੋਸ ਵਜੋਂ ਫਰਾਂਸ, ਨੈਦਰਲੈਂਡਜ਼ ਤੇ ਬਰਤਾਨੀਆ ਨੇ ਆਪੋ-ਆਪਣੇ ਮੁਲਕਾਂ ਵਿਚਲੇ ਇਰਾਨ ਦੇ ਰਾਜਦੂਤ ਤਲਬ ਕੀਤੇ ਹਨ। ਫਰਾਂਸ ਦੇ ਵਿਦੇਸ਼ ਮੰਤਰੀ ਯਾਂ-ਨੋਇਲ ਬੈਰੋ ਨੇ ਸੰਸਦ ’ਚ ਕਿਹਾ, ‘‘ਮੈਂ ਆਪਣੇ ਇਰਾਨੀ ਹਮਰੁਤਬਾ ਨੂੰ ਇਸ ਰੋਸ ਬਾਰੇ ਜਾਣੂ ਕਰਵਾ ਦਿੱਤਾ ਹੈ। ਅੱਜ ਮੈਂ ਪੈਰਿਸ ’ਚ ਇਰਾਨੀ ਰਾਜਦੂਤ ਨੂੰ ਵੀ ਤਲਬ ਕੀਤਾ ਹੈ ਤੇ ਮੈਂ ਉਨ੍ਹਾਂ ਕੋਲ ਵੀ ਰੋਸ ਜ਼ਾਹਿਰ ਕਰਾਂਗਾ।’’ ਨੈਦਰਲੈਂਡਜ਼ ਦੇ ਵਿਦੇਸ਼ ਮੰਤਰੀ ਡੇਵਿਡ ਵੈਨ ਵੀਲ ਨੇ ਕਿਹਾ, ‘‘ਇਰਾਨ ਨੂੰ ਬੁਨਿਆਦੀ ਹੱਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਇੰਟਰਨੈੱਟ ਤੱਕ ਰਸਾਈ ਤੁਰੰਤ ਬਹਾਲ ਕਰਨੀ ਚਾਹੀਦੀ ਹੈ। ਦੋਸ਼ੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।’’ ਬਰਤਾਨੀਆ ਦੀ ਵਿਦੇਸ਼ ਮੰਤਰੀ ਯਵੇਟ ਕੂਪਰ ਨੇ ਇਰਾਨ ਦੀ ਕਾਰਵਾਈ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਬਰਤਾਨੀਆ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਇਰਾਨੀ ਰਾਜਦੂਤ ਤਲਬ ਕੀਤਾ ਹੈ। ਇਸੇ ਦੌਰਾਨ ਯੂਰੋਪੀ ਯੂਨੀਅਨ ਦੀ ਮੁਖੀ ਉਰਸੁਲਾ ਵਾਨ ਡੇਰ ਲੇਯੇਨ ਨੇ ਅੱਜ ਇਰਾਨ ’ਚ ਮ੍ਰਿਤਕਾਂ ਦੀ ਗਿਣਤੀ ਵਧਣ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਤਾਕਤ ਦੀ ਲੋੜ ਨਾਲੋਂ ਵਧ ਵਰਤੋਂ ਤੇ ਆਜ਼ਾਦੀ ’ਤੇ ਲਗਾਤਾਰ ਪਾਬੰਦੀ ਦੀ ਆਲੋਚਨਾ ਕੀਤੀ ਹੈ।

ਇਰਾਨ ਦੇ ਭਿਆਲਾਂ ’ਤੇ 25 ਫੀਸਦ ਟੈਰਿਫ ਲੱਗੇਗਾ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਲਨਡ ਟਰੰਪ ਨੇ ਐਲਾਨ ਕੀਤਾ ਹੈ ਕਿ ਇਰਾਨ ਨਾਲ ‘ਵਪਾਰ ਕਰਨ ਵਾਲੇ’ ਕਿਸੇ ਵੀ ਦੇਸ਼ ਨੂੰ ਅਮਰੀਕਾ ਨਾਲ ਆਪਣੇ ਵਪਾਰ ’ਤੇ 25 ਫੀਸਦ ਟੈਰਿਫ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਸ੍ਰੀ ਟਰੰਪ ਦੇ ਇਸ ਐਲਾਨ ਦਾ ਅਸਰ ਭਾਰਤ, ਚੀਨ ਤੇ ਯੂ ਏ ਈ ਜਿਹੇ ਇਰਾਨ ਦੇ ਅਹਿਮ ਭਾਈਵਾਲਾਂ ’ਤੇ ਪੈ ਸਕਦਾ ਹੈ। ਸ੍ਰੀ ਟਰੰਪ ਨੇ ਕਿਹਾ ਕਿ ਉਨ੍ਹਾਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਹੋ ਰਹੀ ਕਾਰਵਾਈ ਦੇ ਮੱਦੇਨਜ਼ਰ ਇਰਾਨੀ ਅਧਿਕਾਰੀਆਂ ਨਾਲ ਵਾਰਤਾ ਰੱਦ ਕਰ ਦਿੱਤੀ ਹੈ ਅਤੇ ਇਰਾਨੀ ਨਾਗਰਿਕਾਂ ਨੂੰ ਕਿਹਾ ਹੈ, ‘‘ਮਦਦ ਰਾਹ ਵਿੱਚ ਹੈ।’’

ਅਮਰੀਕੀ ਰਾਸ਼ਟਰਪਤੀ ਨੇ ਬੀਤੇ ਦਿਨ ਟਰੁੱਥ ਸੋਸ਼ਲ ’ਤੇ ਪੋਸਟ ’ਚ ਕਿਹਾ, ‘‘ਤੁਰੰਤ ਪ੍ਰਭਾਵ ਨਾਲ ਇਸਲਾਮਿਕ ਗਣਰਾਜ ਇਰਾਨ ਨਾਲ ਵਪਾਰ ਕਰਨ ਵਾਲੇ ਕਿਸੇ ਦੀ ਮੁਲਕ ਨੂੰ ਅਮਰੀਕਾ ਨਾਲ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਵਪਾਰ ’ਤੇ 25 ਫੀਸਦ ਟੈਰਿਫ ਦੇਣਾ ਪਵੇਗਾ। ਇਹ ਹੁਕਮ ਆਖਰੀ ਤੇ ਫ਼ੈਸਲਾਕੁਨ ਹੈ।’’ ਟਰੰਪ ਨੇ ਕਿਹਾ ਕਿ ਇਰਾਨ ਹੁਣ ‘ਹੱਦਾਂ ਉਲੰਘ ਰਿਹਾ’ ਹੈ ਅਤੇ ਇਸੇ ਕਾਰਨ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਕੌਮੀ ਸੁਰੱਖਿਆ ਟੀਮ ਨੂੰ ‘ਸਖ਼ਤ ਕਦਮਾਂ’ ’ਤੇ ਵਿਚਾਰ ਕਰਨਾ ਪੈ ਰਿਹਾ ਹੈ। ਇਰਾਨ ਦੇ ਅਹਿਮ ਵਪਾਰਕ ਭਾਈਵਾਲਾਂ ’ਚ ਭਾਰਤ, ਚੀਨ, ਤੁਰਕੀ, ਪਾਕਿਸਤਾਨ ਅਤੇ ਅਰਮੀਨੀਆ ਸ਼ਾਮਲ ਹਨ। ਟਰੰਪ ਦੇ ਇਸ ਐਲਾਨ ਦਾ ਅਸਰ ਭਾਰਤ ’ਤੇ ਪੈ ਸਕਦਾ ਹੈ ਜੋ ਹਾਲ ਹੀ ਦੇ ਸਾਲਾਂ ’ਚ ਇਰਾਨ ਦੇ ਪੰਜ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ’ਚੋਂ ਇੱਕ ਰਿਹਾ ਹੈ।

ਤਹਿਰਾਨ ਸਥਿਤ ਭਾਰਤੀ ਦੂਤਾਵਾਸ ਅਨੁਸਾਰ ਇਰਾਨ ਨੂੰ ਭਾਰਤ ਦੀਆਂ ਅਹਿਮ ਦਰਾਮਦਾਂ ’ਚ ਚੌਲ, ਚਾਹ, ਚੀਨੀ, ਦਵਾਈਆਂ, ਫਾਈਬਰ, ਬਿਜਲਈ ਮਸ਼ੀਨਰੀ ਤੇ ਨਕਲੀ ਗਹਿਣੇ ਸ਼ਾਮਲ ਹਨ ਅਤੇ ਇਰਾਨ ਤੋਂ ਭਾਰਤ ਨੂੰ ਸੁੱਕੇ ਮੇਵੇ, ਗ਼ੈਰ-ਜੈਵਿਕ ਤੇ ਜੈਵਿਕ ਰਸਾਇਣ ਤੇ ਕੱਚ ਦੇ ਭਾਂਡੇ ਬਰਾਮਦ ਕੀਤੇ ਜਾਂਦੇ ਹਨ। ਸਾਲ 2023 ’ਚ ਭਾਰਤ ਤੋਂ ਇਰਾਨ ਨੂੰ ਦਰਾਮਦ ਕੁੱਲ 1.19 ਅਰਬ ਡਾਲਰ ਸੀ ਅਤੇ ਇਰਾਨ ਤੋਂ ਭਾਰਤ ਨੂੰ ਬਰਾਮਦ ਕੁੱਲ 1.02 ਅਰਬ ਡਾਲਰ ਦੀ ਸੀ।

ਚੀਨ ਨੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ

ਪੇਈਚਿੰਗ: ਇਰਾਨ ਤੋਂ ਤੇਲ ਦੇ ਸਭ ਤੋਂ ਵੱਡੇ ਖਰੀਦਦਾਰ ਚੀਨ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਐਲਾਨ ’ਤੇ ਅੱਜ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ, ‘‘ਟੈਰਿਫ ਜੰਗ ’ਚ ਕੋਈ ਵੀ ਜੇਤੂ ਨਹੀਂ ਹੁੰਦਾ ਅਤੇ ਚੀਨ ਆਪਣੇ ਵਾਜਿਬ ਤੇ ਕਾਨੂੰਨੀ ਅਧਿਕਾਰਾਂ ਤੇ ਹਿੱਤਾਂ ਦੀ ਦ੍ਰਿੜ੍ਹਤਾ ਨਾਲ ਰਾਖੀ ਕਰੇਗਾ।’’

Share: