ਟਰੰਪ ਵੱਲੋਂ ਇਰਾਨੀ ਅਧਿਕਾਰੀਆਂ ਨਾਲ ਬੈਠਕਾਂ ਰੱਦ, ਲੋਕਾਂ ਨੂੰ ਕਿਹਾ ‘ਪ੍ਰਦਰਸ਼ਨ ਕਰਦੇ ਰਹੋ, ਮਦਦ ਆਉਣ ਵਾਲੀ ਹੈ’

ਟਰੰਪ ਵੱਲੋਂ ਇਰਾਨੀ ਅਧਿਕਾਰੀਆਂ ਨਾਲ ਬੈਠਕਾਂ ਰੱਦ, ਲੋਕਾਂ ਨੂੰ ਕਿਹਾ ‘ਪ੍ਰਦਰਸ਼ਨ ਕਰਦੇ ਰਹੋ, ਮਦਦ ਆਉਣ ਵਾਲੀ ਹੈ’

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਰਾਨ ਵਿਚ ਜਾਰੀ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਇਰਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਰੱਦ ਕਰ ਦਿੱਤੀ ਹੈ। ਟਰੰਪ ਨੇ ਇਰਾਨੀ ਨਾਗਰਿਕਾਂ ਨੂੰ ਕਿਹਾ ਕਿ ‘ਮਦਦ ਆਉਣ ਵਾਲੀ ਹੈ।’’ ਕਾਬਿਲੇਗੌਰ ਹੈ ਕਿ ਇਰਾਨ ਵਿਚ ਮਹਿੰਗਾਈ ਅਤੇ ਮੁਦਰਾ ਦੇ ਮੁੱਲ ਵਿੱਚ ਗਿਰਾਵਟ ਨੂੰ ਲੈ ਕੇ ਜਾਰੀ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 646 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ।

ਅਮਰੀਕੀ ਸਦਰ ਨੇ ਉਪਰੋਕਤ ਮਦਦ ਬਾਰੇ ਭਾਵੇਂ ਕੋਈ ਵੇਰਵੇ ਨਹੀਂ ਦਿੱਤੇ ਕਿ ਕੀ ਹੋਵੇਗਾ, ਪਰ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਰਿਪਬਲਿਕਨ ਰਾਸ਼ਟਰਪਤੀ ਨੇ ਦਾਅਵਾ ਕੀਤਾ ਸੀ ਕਿ ਇਸਲਾਮੀ ਗਣਰਾਜ ਤੇ ਹਮਲਾ ਕਰਨ ਦੀ ਧਮਕੀ ਤੋਂ ਬਾਅਦ ਇਰਾਨ ਦੇ ਆਗੂਆਂ ਨੇ ਵਾਸ਼ਿੰਗਟਨ ਨਾਲ ਗੱਲਬਾਤ ਦੀ ਇੱਛਾ ਜਤਾਈ ਹੈ। ਪਰ ਸੋਸ਼ਲ ਮੀਡੀਆ ’ਤੇ ਆਪਣੀ ਸੱਜਰੀ ਪੋਸਟ ਵਿਚ ਟਰੰਪ ਨੇ ਇਰਾਨੀ ਸਰਕਾਰ ਨਾਲ ਗੱਲਬਾਤ ਦੀ ਆਪਣੀ ਇੱਛਾ ਨੂੰ ਅਚਾਨਕ ਬਦਲਿਆ ਜਾਪਦਾ ਹੈ। ਟਰੰਪ ਨੇ ਟਰੁਥ ਸੋਸ਼ਲ ’ਤੇ ਇਕ ਪੋਸਟ ਵਿਚ ਕਿਹਾ, ‘‘ਇਰਾਨੀ ਦੇਸ਼ ਭਗਤੋ, ਵਿਰੋਧ ਕਰਦੇ ਰਹੋ – ਆਪਣੇ ਅਦਾਰਿਆਂ ’ਤੇ ਕਬਜ਼ਾ ਕਰੋ!!!” ਕਾਤਲਾਂ ਅਤੇ ਦੁਰਵਿਵਹਾਰ ਕਰਨ ਵਾਲਿਆਂ ਦੇ ਨਾਮ ਯਾਦ ਰੱਖੋ। ਉਨ੍ਹਾਂ ਨੂੰ ਇਸ ਦੀ ਵੱਡੀ ਕੀਮਤ ਤਾਰਨੀ ਹੋਵੇਗੀ। ਜਦੋਂ ਤੱਕ ਪ੍ਰਦਰਸ਼ਨਕਾਰੀਆਂ ਨੂੰ ਬੇਵਜ੍ਹਾ ਮਾਰਨ ਦਾ ਅਮਲ ਬੰਦ ਨਹੀਂ ਹੁੰਦਾ, ਮੈਂ ਇਰਾਨੀ ਅਧਿਕਾਰੀਆਂ ਨਾਲ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਹਨ। ਮਦਦ ਆਉਣ ਵਾਲੀ ਹੈ।’’

Share: