ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇ ਕੋਈ ਵੀ ਦੇਸ਼ ਈਰਾਨ ਨਾਲ ਵਪਾਰ ਕਰਦਾ ਹੈ ਤਾਂ ਉਸ ’ਤੇ 25 ਫੀਸਦੀ ਟੈਕਸ ਲਾਇਆ ਜਾਵੇਗਾ। ਇਹ ਹੁਕਮ ਫੌਰੀ ਲਾਗੂ ਹੋ ਗਏ ਹਨ। ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੱਸਿਆ ਕਿ ਜੋ ਵੀ ਦੇਸ਼ ਇਰਾਨ ਨਾਲ ਵਪਾਰ ਕਰੇਗਾ, ਉਸ ’ਤੇ ਅਮਰੀਕਾ ਨਾਲ ਵਪਾਰ ਕਰਨ ’ਤੇ 25 ਫੀਸਦੀ ਟੈਰਿਫ ਲਾਇਆ ਜਾਵੇਗਾ। ਦੂਜੇ ਪਾਸੇ ਵਾਈਟ ਹਾਊਸ ਵਲੋਂ ਇਸ ਟੈਕਸ ਸਬੰਧੀ ਕੋਈ ਦਸਤਾਵੇਜ਼ ਜਾਰੀ ਨਹੀਂ ਕੀਤਾ ਗਿਆ। ਇਹ ਫੈਸਲਾ ਉਸ ਵੇਲੇ ਕੀਤਾ ਗਿਆ ਹੈ ਜਦੋਂ ਇਰਾਨ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ ਤੇ ਲੋਕਾਂ ਦਾ ਗੁੱਸਾ ਸਰਕਾਰ ਖ਼ਿਲਾਫ਼ ਵਧਦਾ ਹੀ ਜਾ ਰਿਹਾ ਹੈ। ਇਸ ਵੇਲੇ ਇਰਾਨ ਨਾਲ ਮੁੱਖ ਤੌਰ ’ਤੇ ਚੀਨ, ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਵਪਾਰ ਕਰ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਪ੍ਰਦਰਸ਼ਨਕਾਰੀਆਂ ਖਿਲਾਫ਼ ਹਿੰਸਕ ਕਾਰਵਾਈ ਨੂੰ ਲੈ ਕੇ ਇਰਾਨ ’ਤੇ ਹਮਲਾ ਕਰਨ ਦੀ ਧਮਕੀ ਦੇਣ ਤੋਂ ਬਾਅਦ ਤਹਿਰਾਨ ਵਾਸ਼ਿੰਗਟਨ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। ਟਰੰਪ ਦੀਆਂ ਇਹ ਟਿੱਪਣੀਆਂ ਅਜਿਹੇ ਮੌਕੇ ਆਈਆਂ ਸਨ ਜਦੋਂ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨਾਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਮਹਿੰਗਾਈ ਅਤੇ ਮੁਦਰਾ ਦੇ ਮੁੱਲ ਵਿੱਚ ਗਿਰਾਵਟ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 544 ਹੋ ਗਈ ਹੈ। ਉਧਰ ਇਰਾਨ ਨੇ ਅਜੇ ਤੱਕ ਅਮਰੀਕੀ ਰਾਸ਼ਟਰਪਤੀ ਦੀਆਂ ਇਨ੍ਹਾਂ ਟਿੱਪਣੀਆਂ ਦਾ ਕੋਈ ਜਵਾਬ ਨਹੀਂ ਦਿੱਤਾ ਹੈ।

