ਅਮਰੀਕਾ ਵੱਲੋਂ ਸਾਲ 2025 ਵਿੱਚ ਲੱਖ ਤੋਂ ਵੱਧ ਵੀਜ਼ੇ ਰੱਦ

ਅਮਰੀਕਾ ਵੱਲੋਂ ਸਾਲ 2025 ਵਿੱਚ ਲੱਖ ਤੋਂ ਵੱਧ ਵੀਜ਼ੇ ਰੱਦ

ਵਾਸ਼ਿੰਗਟਨ: ਅਮਰੀਕਾ ਨੇ ਆਪਣੇ ਦੇਸ਼ ਵਿਚ ਰਹਿਣ ਦੇ ਚਾਹਵਾਨਾਂ ਦੇ ਸਾਲ 2025 ਦੌਰਾਨ ਇਕ ਲੱਖ ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਅਮਰੀਕਾ ਨੇ ਇਸ ਪਿੱਛੇ ਅਪਰਾਧਿਕ ਗਤੀਵਿਧੀਆਂ ਦਾ ਹਵਾਲਾ ਦਿੱਤਾ ਹੈ। ਇਨ੍ਹਾਂ ਰੱਦ ਕੀਤੇ ਗਏ ਵੀਜ਼ਿਆਂ ਵਿਚ 8,000 ਵਿਦਿਆਰਥੀ ਵੀ ਸ਼ਾਮਲ ਹਨ। ਵਿਦੇਸ਼ ਵਿਭਾਗ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਇਨ੍ਹਾਂ ਅਪਰਾਧਿਕ ਬਿਰਤੀ ਵਾਲੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣਾ ਜਾਰੀ ਰੱਖਣਗੇ।

ਵਿਦੇਸ਼ ਵਿਭਾਗ ਦੇ ਪ੍ਰਿੰਸੀਪਲ ਡਿਪਟੀ ਬੁਲਾਰੇ ਟੌਮੀ ਪਿਗੋਟ ਨੇ ਕਿਹਾ ਕਿ ਵਿਦੇਸ਼ ਵਿਭਾਗ ਨੇ ਹੁਣ 1,00,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਲਗਭਗ 8,000 ਵਿਦਿਆਰਥੀ ਵੀਜ਼ੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 2,500 ਵਿਸ਼ੇਸ਼ ਵੀਜ਼ੇ ਉਨ੍ਹਾਂ ਵਿਅਕਤੀਆਂ ਦੇ ਰੱਦ ਕੀਤੇ ਗਏ ਹਨ ਜਿਨ੍ਹਾਂ ਦਾ ਅਪਰਾਧਿਕ ਕਿਰਦਾਰ ਸਾਹਮਣੇ ਆਇਆ ਹੈ। ਅਮਰੀਕਾ ਦੇ ਇਮੀਗਰੇਸ਼ਨ ਵਿਭਾਗ ਨੇ ਕਿਹਾ ਕਿ ਇਸ ਵਿੱਚ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਦੇ ਰੱਦ ਕੀਤੇ ਗਏ ਵੀਜ਼ੇ ਸ਼ਾਮਲ ਹਨ ਜਿਨ੍ਹਾਂ ’ਤੇ ਲੜਾਈ-ਝਗੜਾ, ਚੋਰੀ ਅਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਵਰਗੇ ਦੋਸ਼ ਲੱਗੇ ਹਨ।

ਫੌਕਸ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ 2025 ਵਿੱਚ ਰੱਦ ਕੀਤੇ ਗਏ ਵੀਜ਼ਾ ਦੀ ਗਿਣਤੀ 2024 ਵਿੱਚ ਰੱਦ ਕੀਤੇ ਗਏ 40,000 ਵੀਜ਼ਾ ਨਾਲੋਂ ਦੁੱਗਣੀ ਤੋਂ ਵੀ ਵੱਧ ਹੈ ਜੋ ਸਾਬਕਾ ਰਾਸ਼ਟਰਪਤੀ ਜੋਇ ਬਾਇਡਨ ਪ੍ਰਸ਼ਾਸਨ ਵੱਲੋਂ ਆਖਰੀ ਸਾਲ ਵਿਚ ਰੱਦ ਕੀਤੇ ਗਏ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2025 ਵਿੱਚ ਰੱਦ ਕੀਤੇ ਗਏ ਵੀਜ਼ੇ ਜ਼ਿਆਦਾਤਰ ਕਾਰੋਬਾਰੀਆਂ ਅਤੇ ਸੈਲਾਨੀ ਯਾਤਰੀਆਂ ਦੇ ਸਨ ਜੋ ਆਪਣੇ ਵੀਜ਼ਾ ਦੀ ਮਿਆਦ ਤੋਂ ਵੱਧ ਸਮੇਂ ਲਈ ਰਹੇ ਸਨ।

Share: