ਮਾਘੀ ਮੇਲੇ ਤੋਂ ਵੱਜੇਗਾ ਚੋਣਾਂ ਦਾ ਬਿਗਲ

ਮਾਘੀ ਮੇਲੇ ਤੋਂ ਵੱਜੇਗਾ ਚੋਣਾਂ ਦਾ ਬਿਗਲ

ਚੰਡੀਗਡ਼੍ਹ: ਪੰਜਾਬ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਮਾਘੀ ਮੇਲੇ ਤੋਂ ਆਗਾਮੀ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਜਾ ਰਿਹਾ ਹੈ। ਨਵਾਂ ਵਰ੍ਹਾ ਚੜ੍ਹਦੇ ਹੀ ਪੰਜਾਬ ਸਿਆਸੀ ਰੌਂਅ ’ਚ ਆ ਗਿਆ ਹੈ ਅਤੇ ਸਿਆਸੀ ਧਿਰਾਂ ਨੇ ਇਕਦਮ ਰਫ਼ਤਾਰ ਫੜ੍ਹ ਲਈ ਹੈ। ‘ਆਪ’ ਸਰਕਾਰ ਮਾਘੀ ਮੇਲੇ ’ਤੇ 14 ਜਨਵਰੀ ਨੂੰ ਸੂਬਾ ਪੱਧਰੀ ਸਮਾਗਮ ਕਰੇਗੀ, ਜਿਸ ’ਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ। ਅਕਾਲੀ ਦਲ ਮਲੋਟ ਰੋਡ ’ਤੇ ਪੰਡਾਲ ਸਜਾਏਗੀ ਤੇ ਭਾਜਪਾ ਵੀ ਪਹਿਲੀ ਵਾਰ ਆਪਣੇ ਦਮ ’ਤੇ ਸ਼ਕਤੀ ਪ੍ਰਦਰਸ਼ਨ ਕਰੇਗੀ।

ਜ਼ਿਲ੍ਹਾ ਪ੍ਰਸ਼ਾਸਨ ਰਾਜ ਪੱਧਰੀ ਸਮਾਗਮਾਂ ’ਚ 50 ਹਜ਼ਾਰ ਲੋਕਾਂ ਦੇ ਇਕੱਠ ਦੇ ਅਗਾਊਂ ਪ੍ਰਬੰਧ ਕਰ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ’ਚ ਦੋ ਹੈਲੀਪੈਡ ਬਣਾਏ ਜਾ ਰਹੇ ਹਨ। ‘ਆਪ’ ਕੋਟਕਪੂਰਾ ਰੋਡ ’ਤੇ ਸਿਆਸੀ ਕਾਨਫਰੰਸ ਕਰੇਗੀ। ਪਾਰਟੀ ਲੰਮੇ ਅਰਸੇ ਮਗਰੋਂ ਮਾਘੀ ਕਾਨਫਰੰਸ ਕਰ ਰਹੀ ਹੈ। ਬਾਦਲਾਂ ਦੇ ਗੜ੍ਹ ’ਚ ‘ਆਪ’ ਦੀ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ’ਚ ਕਾਰਗੁਜ਼ਾਰੀ ਢਿੱਲੀ ਰਹੀ, ਜਿਸ ਦੇ ਮੱਦੇਨਜ਼ਰ ‘ਆਪ’ ਸਰਕਾਰ ਸ੍ਰੀ ਮੁਕਤਸਰ ਸਾਹਿਬ ’ਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨਿੱਜੀ ਤੌਰ ’ਤੇ ਮਾਘੀ ਕਾਨਫਰੰਸ ’ਚ ਰੁਚੀ ਲੈ ਰਹੇ ਹਨ। ਇਸ ਤੋਂ ਪਹਿਲਾਂ ਉਹ 2 ਨਵੰਬਰ 2025 ਨੂੰ ਵੀ ਮੁਕਤਸਰ ਸਾਹਿਬ ਦਾ ਗੇੜਾ ਲਾ ਚੁੱਕੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਬਠਿੰਡਾ ਅਤੇ ਜਲੰਧਰ ’ਚ ਦੋ ਲੋਕ ਮਿਲਨੀਆਂ ਕੀਤੀਆਂ ਹਨ ਅਤੇ ‘ਆਪ’ ਸਿਆਸੀ ਰੰਗ ’ਚ ਆ ਗਈ ਹੈ। ਕਾਨਫ਼ਰੰਸ ’ਚ ਸ਼੍ਰੋਮਣੀ ਅਕਾਲੀ ਦਲ ‘ਆਪ’ ਦੇ ਨਿਸ਼ਾਨੇ ’ਤੇ ਰਹਿ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ ’ਚ ਬਠਿੰਡਾ, ਮਾਨਸਾ ਤੇ ਮੁਕਤਸਰ ਸਾਹਿਬ ’ਚ ਹਾਵੀ ਰਹਿਣ ਕਰਕੇ ਹੁਣ ਮਾਘੀ ਕਾਨਫਰੰਸ ਦੀ ਤਿਆਰੀ ’ਚ ਜੁਟਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਮਲੋਟ ਰੋਡ ’ਤੇ ਸਿਆਸੀ ਕਾਨਫਰੰਸ ਕਰੇਗਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਫ਼ੀ ਦਿਨਾਂ ਤੋਂ ਮਾਘੀ ਕਾਨਫਰੰਸਾਂ ਦੀ ਤਿਆਰੀ ’ਚ ਲੱਗੇ ਹੋਏ ਹਨ। ਭਾਜਪਾ ਪਹਿਲੀ ਵਾਰ ਮਾਘੀ ਕਾਨਫ਼ਰੰਸ ਕਰ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਨੁਸਾਰ ਮਾਘੀ ਮੇਲੇ ’ਤੇ ਭਾਜਪਾ ਦੀ ਇਕੱਲੇ ਤੌਰ ’ਤੇ ਇਹ ਪਹਿਲੀ ਕਾਨਫਰੰਸ ਹੈ, ਜਿਸ ’ਚ ਭਾਰੀ ਇਕੱਠ ਜੁਟਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਤਾਂ ਸਟੇਟ ਲੀਡਰਸ਼ਿਪ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਕਾਨਫ਼ਰੰਸ ’ਚ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਜਪਾ ਸਿਰਫ਼ ਲਾਗਲੇ ਜ਼ਿਲ੍ਹਿਆਂ ’ਚੋਂ ਇਕੱਠ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਡੇਰਾ ਭਾਈ ਮਸਤਾਨ ਵਾਲੀ ਜਗ੍ਹਾ ’ਤੇ ਕਾਨਫਰੰਸ ਕਰ ਰਿਹਾ ਹੈ। ਅਕਾਲੀ ਦਲ (ਵਾਰਸ ਪੰਜਾਬ ਦੇ) ਮਲੋਟ ਰੋਡ ’ਤੇ ਕਾਨਫ਼ਰੰਸ ਕਰੇਗਾ। ਕੁੱਲ ਮਿਲਾ ਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਹੜੀ ਅਤੇ ਨਵੇਂ ਸਾਲ ਦੀਆਂ ਵਧਾਈਆਂ ਦੇ ਲੱਗੇ ਵੱਡੇ-ਵੱਡੇ ਸਿਆਸੀ ਫਲੈਕਸ ਅਤੇ ਹੋਰਡਿੰਗਜ਼ ਦੱਸ ਰਹੇ ਹਨ ਕਿ ਪੰਜਾਬ ਚੋਣਾਂ ਦਾ ਪਿੜ ਸਮੇਂ ਤੋਂ ਪਹਿਲਾਂ ਹੀ ਭਖ ਗਿਆ ਹੈ।

ਕਾਂਗਰਸ ਨਹੀਂ ਕਰੇਗੀ ਕਾਨਫਰੰਸ

ਐਂਤਕੀਂ ਕਾਂਗਰਸ ਮਾਘੀ ਮੇਲੇ ’ਤੇ ਕਾਨਫਰੰਸ ਨਹੀਂ ਕਰੇਗੀ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਸ਼ਹਿਰ ਮੁਕਤਸਰ ਸਾਹਿਬ ’ਚ ਕਾਨਫਰੰਸ ਨਾ ਹੋਣ ਦੇ ਸਿਆਸੀ ਅੰਦਾਜ਼ੇ ਵੀ ਲੋਕ ਚਰਚਾ ਦਾ ਹਿੱਸਾ ਬਣ ਰਹੇ ਹਨ। ਇਸ ਜ਼ਿਲ੍ਹੇ ’ਚ ਪਰਿਸ਼ਦ ਚੋਣਾਂ ’ਚ ਵੀ ਕਾਂਗਰਸ ਦੀ ਹਾਲਤ ਮਾੜੀ ਰਹੀ ਸੀ। ਕਾਂਗਰਸ ਕਈ ਦਿਨਾਂ ਤੋਂ ਪੰਜਾਬ ’ਚ ਮਗਨਰੇਗਾ ’ਚ ਬਦਲਾਅ ਖ਼ਿਲਾਫ਼ ਰੈਲੀਆਂ ਕਰ ਰਹੀ ਹੈ। ਕਾਂਗਰਸੀ ਰੈਲੀਆਂ ’ਚੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੈਰ-ਮੌਜੂਦਗੀ ਵੀ ਸਿਆਸੀ ਹਲਕਿਆਂ ’ਚ ਰੜਕ ਰਹੀ ਹੈ।

Share: