ਚੰਡੀਗਡ਼੍ਹ: ਪੰਜਾਬ ਸਰਕਾਰ ਨੇ ਨਵੀਂ ਐਲਾਨੀ ਮਾਲਵਾ ਨਹਿਰ ਦੀ ਉਸਾਰੀ ਵਿਚਲੇ ਅੜਿੱਕੇ ਦੂਰ ਕਰਨ ਲਈ ਸਰਹਿੰਦ ਨਹਿਰ ’ਤੇ ਲੱਗੇ ਲਿਫਟ ਪੰਪ ਫਿਲਹਾਲ ਬੰਦ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਮੁਕਤਸਰ ਵਿਖੇ ‘ਆਪ’ ਦੀ ਮਾਘੀ ਕਾਨਫ਼ਰੰਸ ਦੌਰਾਨ ਲਿਫਟ ਪੰਪ ਜਾਰੀ ਰੱਖਣ ਦਾ ਐਲਾਨ ਵੀ ਕਰ ਸਕਦੇ ਹਨ।
ਪੰਜਾਬ ਸਰਕਾਰ ਫ਼ਰੀਦਕੋਟ, ਮੁਕਤਸਰ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ’ਚ ਪੈਂਦੀਆਂ ਸੱਤ ਸਬ-ਡਿਵੀਜ਼ਨਾਂ ’ਚ ਜ਼ਮੀਨ ਐਕੁਆਇਰ ਕਰ ਰਹੀ ਹੈ। ਇਨ੍ਹਾਂ ਸਬ-ਡਿਵੀਜ਼ਨਾਂ ’ਚੋਂ ਪ੍ਰਾਪਤ ਕਰੀਬ 530 ’ਚੋਂ 524 ਇਤਰਾਜ਼ ਲਿਫਟ ਪੰਪਾਂ ਵਾਲੇ ਕਿਸਾਨਾਂ ਦੇ ਹਨ। ਗਿੱਦੜਬਾਹਾ ਸਬ-ਡਿਵੀਜ਼ਨ ’ਚੋਂ ਸਭ ਤੋਂ ਵੱਧ 179 ਇਤਰਾਜ਼ ਮਿਲੇ ਹਨ। ਜਾਣਕਾਰੀ ਅਨੁਸਾਰ ਸਰਹਿੰਦ ਨਹਿਰ ’ਤੇ ਇਸ ਵੇਲੇ ਕੁੱਲ 317 ਲਿਫਟ ਪੰਪ ਲੱਗੇ ਹੋਏ ਹਨ ਜਿਨ੍ਹਾਂ ਜ਼ਰੀਏ ਸਰਹਿੰਦ ਨਹਿਰ ’ਚੋਂ 261 ਕਿਊਸਿਕ ਪਾਣੀ ਖਿੱਚਿਆ ਜਾ ਰਿਹਾ ਹੈ। ਇਨ੍ਹਾਂ ਪੰਪਾਂ ਕਰ ਕੇ ਅਬੋਹਰ, ਫ਼ਾਜ਼ਿਲਕਾ ਤੇ ਜਲਾਲਾਬਾਦ ਦੇ ਇਲਾਕੇ ਲਈ ਨਹਿਰੀ ਪਾਣੀ ਘਟ ਜਾਂਦਾ ਹੈ ਜਿਸ ਕਰ ਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ ਇਤਰਾਜ਼ ਵੀ ਕਰਦੇ ਹਨ। ਮਾਲਵਾ ਨਹਿਰ ਹਰੀਕੇ ਹੈੱਡ ਵਰਕਸ ਤੋਂ ਸ਼ੁਰੂ ਹੋ ਕੇ ਲੰਬੀ ਹਲਕੇ ’ਚ ਖ਼ਤਮ ਹੋਣੀ ਹੈ। 149.53 ਕਿੱਲੋਮੀਟਰ ਲੰਬਾਈ ਵਾਲੀ ਇਸ ਨਹਿਰ ’ਚ ਪਾਣੀ ਦੀ ਸਮਰੱਥਾ 2005.36 ਕਿਊਸਿਕ ਹੋਵੇਗੀ। ਮਾਲਵਾ ਨਹਿਰ ਲਈ 2308 ਏਕੜ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ 62 ਪਿੰਡਾਂ ਨੂੰ ਮਾਲਵਾ ਨਹਿਰ ’ਚੋਂ ਪਾਣੀ ਮਿਲੇਗਾ। ਇਹ ਨਹਿਰ ਰਾਜਸਥਾਨ ਨਹਿਰ ਦੇ ਐਨ ਨਾਲ ਬਣਨੀ ਹੈ। ਮੁੱਢਲੇ ਪੜਾਅ ’ਤੇ ਉਸਾਰੀ ਲਈ 2,629 ਕਰੋੜ ਰੁਪਏ ਲਾਗਤ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਗਿੱਦੜਬਾਹਾ ’ਚ ਨਵੀਂ ਨਹਿਰ ਦਾ 27 ਜੁਲਾਈ 2024 ਨੂੰ ਜਾਇਜ਼ਾ ਲੈ ਚੁੱਕੇ ਹਨ।

