ਲੁਧਿਆਣਾ: ਲੁਧਿਆਣਾ ਪੁਲੀਸ ਨੇ ਪਟਿਆਲਾ ਦੇ ਦੋ ਟਰੈਵਲ ਏਜੰਟਾਂ, ਗੁਰਪ੍ਰੀਤ ਸਿੰਘ ਅਤੇ ਸੰਦੀਪ ਸਿੰਘ (ਖਾਲਸਾ ਇਮੀਗ੍ਰੇਸ਼ਨ), ਖਿਲਾਫ ਚਾਰ ਨੌਜਵਾਨਾਂ ਨੂੰ ਧੋਖੇ ਨਾਲ ਰੂਸ ਭੇਜਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਾਹਿਲ ਸਿੰਘ ਅਨੁਸਾਰ, ਇਨ੍ਹਾਂ ਏਜੰਟਾਂ ਨੇ ਇੰਸਟਾਗ੍ਰਾਮ ’ਤੇ ਇਸ਼ਤਿਹਾਰ ਦੇ ਕੇ ਨੌਜਵਾਨਾਂ ਨੂੰ ਫਸਾਇਆ ਅਤੇ ਇੱਕ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਿੱਚ ਦਾਖਲੇ ਦਾ ਝਾਂਸਾ ਦੇ ਕੇ 14 ਲੱਖ ਰੁਪਏ ਹੜੱਪ ਲਏ। ਜਦੋਂ ਇਹ ਨੌਜਵਾਨ ਰੂਸ ਪਹੁੰਚੇ, ਤਾਂ ਉਨ੍ਹਾਂ ਨੂੰ ਇੱਕ ਬਲੈਕਲਿਸਟਿਡ ਯੂਨੀਵਰਸਿਟੀ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੱਤ ਦਿਨਾਂ ਤੱਕ ਜੇਲ੍ਹ ਵਿੱਚ ਡੱਕ ਕੇ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ।
ਜੇਲ੍ਹ ਦੌਰਾਨ ਨੌਜਵਾਨਾਂ ਨਾਲ ਹੋਏ ਸਲੂਕ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਸਾਹਿਲ ਨੇ ਇਲਜ਼ਾਮ ਲਾਇਆ ਕਿ ਰੂਸੀ ਅਧਿਕਾਰੀਆਂ ਨੇ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਜਬਰੀ ਉਤਾਰ ਦਿੱਤੀਆਂ ਅਤੇ ਉਨ੍ਹਾਂ ਨੂੰ ਬੀਫ (ਗਊ ਮਾਸ) ਖਾਣ ਲਈ ਮਜਬੂਰ ਕੀਤਾ ਗਿਆ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਯੂਕਰੇਨ ਵਿਰੁੱਧ ਜੰਗ ਲੜਨ ਲਈ ਰੂਸੀ ਫੌਜ ਵਿੱਚ ਜਬਰਦਸਤੀ ਭਰਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।
14 ਨਵੰਬਰ ਨੂੰ ਭਾਰਤ ਡਿਪੋਰਟ ਹੋਣ ਤੋਂ ਬਾਅਦ ਪੀੜਤਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਇੱਕ ਮੁਲਜ਼ਮ ਵਿਦੇਸ਼ ਭੱਜ ਚੁੱਕਾ ਹੈ, ਜਦੋਂਕਿ ਦੂਜਾ ਪੀੜਤ ਪਰਿਵਾਰਾਂ ਨੂੰ ਧਮਕੀਆਂ ਦੇ ਰਿਹਾ ਹੈ। ਪੁਲਿਸ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
