ਮਮਤਾ ਖ਼ਿਲਾਫ਼ ਈ ਡੀ ਸੁਪਰੀਮ ਕੋਰਟ ’ਚ

ਮਮਤਾ ਖ਼ਿਲਾਫ਼ ਈ ਡੀ ਸੁਪਰੀਮ ਕੋਰਟ ’ਚ

ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਪੱਛਮੀ ਬੰਗਾਲ ਸਰਕਾਰ ਵੱਲੋਂ ਉਨ੍ਹਾਂ ਦੇ ਕੰਮ ’ਚ ਦਖ਼ਲਅੰਦਾਜ਼ੀ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਈ ਡੀ ਨੇ ਕੋਲਾ ਘੁਟਾਲੇ ਦੇ ਸਬੰਧ ’ਚ ਸਿਆਸੀ ਸਲਾਹਕਾਰ ਕੰਪਨੀ ਆਈ-ਪੈਕ ਦੇ ਦਫਤਰ ਅਤੇ ਉਸ ਦੇ ਡਾਇਰੈਕਟਰ ਪ੍ਰਤੀਕ ਜੈਨ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਈ ਡੀ ਮੁਤਾਬਕ ਸੂਬਾ ਪ੍ਰਸ਼ਾਸਨ ਇਸ ਮਾਮਲੇ ’ਚ ਸਹਿਯੋਗ ਨਾ ਦੇਣ ਦੇ ਨਾਲ ਨਾਲ ਵਾਰ-ਵਾਰ ਅੜਿੱਕੇ ਡਾਹ ਰਿਹਾ ਹੈ ਜਿਸ ਕਾਰਨ ਮਾਮਲੇ ਦੀ ਸੀ ਬੀ ਆਈ ਤੋਂ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਸੂਤਰਾਂ ਮੁਤਾਬਕ ਈ ਡੀ ਦੀ ਅਰਜ਼ੀ ’ਤੇ ਸੋਮਵਾਰ ਨੂੰ ਫੌਰੀ ਸੁਣਵਾਈ ਦੀ ਅਪੀਲ ਕੀਤੀ ਜਾ ਸਕਦੀ ਹੈ। ਪੱਛਮੀ ਬੰਗਾਲ ਸਰਕਾਰ ਨੇ ਵੀ ਅਦਾਲਤ ’ਚ ਕੈਵੀਏਟ ਪਟੀਸ਼ਨ ਦਾਖ਼ਲ ਕਰਦਿਆਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਕੋਈ ਹੁਕਮ ਨਹੀਂ ਸੁਣਾਇਆ ਜਾਣਾ ਚਾਹੀਦਾ। ਈ ਡੀ ਨੇ ਅਰਜ਼ੀ ’ਚ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਛਾਪੇ ਵਾਲੀ ਥਾਂ ’ਤੇ ਆਈ ਅਤੇ ਅਹਿਮ ਸਬੂਤ ਆਪਣੇ ਨਾਲ ਲੈ ਗਈ। ਉਨ੍ਹਾਂ ਮੁੱਖ ਮੰਤਰੀ ’ਤੇ ਏਜੰਸੀ ਦੀ ਕਾਰਵਾਈ ’ਚ ਅੜਿੱਕਾ ਡਾਹੁਣ ਅਤੇ ਜਾਂਚ ’ਚ ਦਖ਼ਲ ਦੇਣ ਦਾ ਵੀ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ ਈ ਡੀ ਨੇ 9 ਜਨਵਰੀ ਨੂੰ ਕਲਕੱਤਾ ਹਾਈ ਕੋਰਟ ਦਾ ਰੁਖ਼ ਕਰਕੇ ਮਮਤਾ ਬੈਨਰਜੀ ਖ਼ਿਲਾਫ਼ ਸੀ ਬੀ ਆਈ ਜਾਂਚ ਮੰਗੀ ਸੀ। ਉਨ੍ਹਾਂ ਮੁਤਾਬਕ ਜੈਨ ਦੇ ਘਰ ’ਤੇ ਮਾਰੇ ਗਏ ਛਾਪੇ ਦੌਰਾਨ ਮਿਲੇ ਇਤਰਾਜ਼ਯੋਗ ਦਸਤਾਵੇਜ਼ਾਂ ਨੂੰ ਮੁੱਖ ਮੰਤਰੀ ਪੁਲੀਸ ਦੀ ਸਹਾਇਤਾ ਨਾਲ ਆਪਣੇ ਨਾਲ ਲੈ ਗਈ।ਹਾਈ ਕੋਰਟ ਵੱਲੋਂ ਈ ਡੀ ਦੀ ਅਰਜ਼ੀ ’ਤੇ 14 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ। ਪੱਛਮੀ ਬੰਗਾਲ ਪੁਲੀਸ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਖ਼ਿਲਾਫ਼ ਐੱਫ ਆਈ ਆਰ ਵੀ ਦਰਜ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਈਡੀ ਅਧਿਕਾਰੀਆਂ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ।

Share: