ਹੁਸ਼ਿਆਰਪੁਰ: ਦਸੂਹਾ-ਹੁਸ਼ਿਆਰਪੁਰ ਮਾਰਗ ’ਤੇ ਸ਼ਨਿੱਚਰਵਾਰ ਤੜਕਸਾਰ ਅੱਡਾ ਦੋਸੜਕਾ ਵਿਖੇ ਕਾਰ ਤੇ ਬੱਸ ਦਰਮਿਆਨ ਹੋਈ ਟੱਕਰ ਵਿੱਚ 4 ਕਾਰ ਸਵਾਰਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਮੌਕੇ ’ਤੇ ਪੁੱਜੀ ਕਸਬਾ ਹਰਿਆਣਾ ਦੀ ਪੁਲੀਸ ਨੇ ਹਾਦਸਾਗ੍ਰਸਤ ਵਾਹਨ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਨ ਕਰਵਾਈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਪਹੁੰਚਾਇਆ।
ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਸਬਾ ਦੌਲਤਪੁਰ ਦੇ ਪਿੰਡ ਚਲੇਟ ਦਾ ਵਸਨੀਕ ਸੁਖਵਿੰਦਰ ਸਿੰਘ ਆਪਣੇ ਵਿਦੇਸ਼ ਜਾ ਰਹੇ ਪੁੱਤਰ ਅੰਮ੍ਰਿਤ ਨੂੰ ਕਾਰ ’ਤੇ ਅੰਮ੍ਰਿਤਸਰ ਏਅਰਪੋਰਟ ਛੱਡਣ ਜਾ ਰਿਹਾ ਸੀ। ਉਨ੍ਹਾਂ ਨਾਲ 3 ਹੋਰ ਪਰਿਵਾਰਕ ਮੈਂਬਰ ਤੇ ਦੋਸਤ ਸ਼ਾਮਲ ਸਨ। ਇਸ ਦੌਰਾਨ ਜਦੋਂ ਇਹ ਕਰੀਬ 6 ਵਜੇ ਅੱਡਾ ਦੋਸੜਕਾ ਕੋਲ ਦਸੂਹਾ ਹੁਸ਼ਿਆਰਪੁਰ ਮਾਰਗ ’ਤੇ ਚੜ੍ਹਨ ਲੱਗੇ ਤਾਂ ਸੰਘਣੀ ਧੁੰਦ ਹੋਣ ਕਾਰਨ ਦਸੂਹਾ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਪਠਾਨਕੋਟ ਡੀਪੂ ਦੀ ਪਨਬੱਸ ਨਾਲ ਕਾਰ ਦੀ ਟੱਕਰ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਸਵਾਰ ਸੁਖਵਿੰਦਰ ਸਿੰਘ (45) ਪੁੱਤਰ ਹਰਨਾਮ ਸਿੰਘ, ਸੁਸ਼ੀਲ ਕੁਮਾਰ (46) ਪੁੱਤਰ ਦੇਸਰਾਜ, ਬ੍ਰਿਜ ਕੁਮਾਰ (38) ਪੁੱਤਰ ਮਹਿੰਦਰ ਕੁਮਾਰ, ਅਰੁਣ ਕੁਮਾਰ (45) ਪੁੱਤਰ ਗੁਰਪਾਲ ਸਿੰਘ ਸਾਰੇ ਵਾਸੀ ਪਿੰਡ ਚਲੇਟ (ਦੌਲਤਪੁਰ, ਹਿਮਾਚਲ ਪ੍ਰਦੇਸ਼) ਦੀ ਮੌਤ ਹੋ ਗਈ ਜਦੋਂ ਕਿ ਅੰਮ੍ਰਿਤ ਕੁਮਾਰ ਗੰਭੀਰ਼ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੇ ਐੱਸਐੱਚ ਓ ਕਿਰਨ ਸਿੰਘ ਪੁਲੀਸ ਪਾਰਟੀ ਸਮੇਤ ਪਹੁੰਚੇ ਅਤੇ ਜ਼ਖਮੀ ਅੰਮ੍ਰਿਤ ਕੁਮਾਰ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਆਵਾਜਾਈ ਬਹਾਲ ਕਰਵਾਈ ਹੈ। ਮੁਢਲੇ ਵੇਰਵਿਆਂ ਅਨੁਸਾਰ ਹਾਦਸੇ ਦਾ ਕਾਰਨ ਸੰਘਣੀ ਧੁੰਦ ਦਾ ਹੋਣ ਦੱਸਿਆ ਜਾ ਰਿਹਾ ਹੈ।

