ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਅੱਜ ਸਖ਼ਤ ਰੁਖ ਅਪਣਾਉਂਦਿਆਂ ਆਮ ਆਦਮੀ ਪਾਰਟੀ (ਆਪ) ਦੇ ਚਾਰ ਵਿਧਾਇਕਾਂ ਨੂੰ ਚੱਲ ਰਹੇ ਸਰਦ ਰੁੱਤ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ। ਸਪੀਕਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਸੋਮ ਦੱਤ, ਜਰਨੈਲ ਸਿੰਘ, ਸੰਜੀਵ ਝਾਅ ਅਤੇ ਕੁਲਦੀਪ ਕੁਮਾਰ ਨੂੰ ਸਦਨ ਦੀ ਕਾਰਵਾਈ ਵਿੱਚ ਲਗਾਤਾਰ ਵਿਘਨ ਪਾਉਣ ਅਤੇ ਸਦਨ ਦੀ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਬਾਕੀ ਸੈਸ਼ਨ ਲਈ ਮੁਅੱਤਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਝਾਅ, ਸਿੰਘ ਅਤੇ ਕੁਲਦੀਪ ਕੁਮਾਰ ਨੂੰ ਇਸ ਤੋਂ ਪਹਿਲਾਂ ਵੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਤਿੰਨ ਦਿਨਾਂ ਲਈ ਮੁਅੱਤਲ ਕੀਤਾ ਗਿਆ ਸੀ।
‘ਆਪ’ ਵਿਧਾਇਕਾਂ ਵੱਲੋਂ ਪਾਏ ਗਏ ਵਿਘਨ ਕਾਰਨ ਸਦਨ ਦੀ ਕਾਰਵਾਈ ਪਹਿਲਾਂ 15 ਮਿੰਟ ਲਈ ਮੁਲਤਵੀ ਕੀਤੀ ਗਈ। ਦੁਪਹਿਰ 1 ਵਜੇ ਜਦੋਂ ਬੈਠਕ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਵਿਧਾਇਕ ਲਗਾਤਾਰ ਚੇਅਰ ਨਾਲ ਬਹਿਸ ਕਰਦੇ ਰਹੇ, ਜਿਸ ਕਾਰਨ ਸਦਨ ਨੂੰ ਦੁਬਾਰਾ ਲੰਚ ਤੱਕ ਲਈ ਮੁਲਤਵੀ ਕਰਨਾ ਪਿਆ। ਦੱਸਣਯੋਗ ਹੈ ਕਿ ਭਾਜਪਾ ਵੱਲੋਂ ਆਤਿਸ਼ੀ ’ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਿਰਾਦਰ ਕਰਨ ਦੇ ਦੋਸ਼ਾਂ ਕਾਰਨ ਪਿਛਲੇ ਦੋ ਦਿਨਾਂ ਤੋਂ ਸਦਨ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ ਸੀ।
ਇਸ ਹੰਗਾਮੇ ਦੇ ਵਿਚਕਾਰ ਸਦਨ ਦੀ ਕਾਰਵਾਈ ਦੌਰਾਨ ਮੈਂਬਰਾਂ ਨੇ ਨਿਯਮ 280 ਤਹਿਤ ਆਪਣੇ ਹਲਕਿਆਂ ਦੇ ਮੁੱਦੇ ਚੁੱਕੇ। ਜਲ ਮੰਤਰੀ ਪਰਵੇਸ਼ ਸਾਹਿਬ ਸਿੰਘ ਨੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਸਬੰਧੀ ਬਿਆਨ ਦਿੱਤਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਸਾਲ 2025-26 ਲਈ ਗ੍ਰਾਂਟਾਂ ਦੀਆਂ ਪੂਰਕ ਮੰਗਾਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਸਦਨ ਨੇ ਜ਼ੁਬਾਨੀ ਵੋਟ (ਵੌਇਸ ਵੋਟ) ਰਾਹੀਂ ਪਾਸ ਕਰ ਦਿੱਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ‘ਦਿੱਲੀ ਐਪਰੋਪ੍ਰੀਏਸ਼ਨ ਬਿੱਲ 2026’ ਵੀ ਸਦਨ ਵੱਲੋਂ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਤਰਜੀਹਾਂ ਦਾ ਖਾਕਾ ਪੇਸ਼ ਕੀਤਾ। ਸਦਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਯੋਜਨਾਬੱਧ ਵਿਕਾਸ, ਪ੍ਰਦੂਸ਼ਣ ਕੰਟਰੋਲ, ਸਿਹਤ ਸਹੂਲਤਾਂ ਦੇ ਵਿਸਥਾਰ ਅਤੇ ਇਲੈਕਟ੍ਰਿਕ ਆਵਾਜਾਈ ਵੱਲ ਵਧਣ ’ਤੇ ਜ਼ੋਰ ਦਿੱਤਾ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ (ਆਪ) ’ਤੇ ਤਿੱਖੇ ਸਿਆਸੀ ਹਮਲੇ ਵੀ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਕੌਮੀ ਰਾਜਧਾਨੀ ਲਈ ਗੰਭੀਰ ਮੁੱਦਾ ਹੈ। ਸਿਹਤ ਖੇਤਰ ਦੇ ਰੋਡਮੈਪ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦਿੱਲੀ ਭਰ ਵਿੱਚ 1,100 ‘ਅਰੋਗਿਆ ਮੰਦਰ’ ਬਣਾਉਣ ਲਈ ਵਚਨਬੱਧ ਹੈ ਅਤੇ ਸਿਹਤ ਪ੍ਰਣਾਲੀ ਦੀ ਮਜ਼ਬੂਤੀ ਲਈ ਨਵਾਂ ਨਰਸਿੰਗ ਸਟਾਫ ਭਰਤੀ ਕੀਤਾ ਗਿਆ ਹੈ। ਇੱਕ ਅਹਿਮ ਵਿੱਤੀ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਆਰ ਬੀ ਆਈ ਹੁਣ ਸਰਕਾਰ ਦਾ ਅਧਿਕਾਰਤ ਬੈਂਕਿੰਗ ਏਜੰਟ ਹੋਵੇਗਾ। ਇਸ ਨਾਲ ਪੂੰਜੀਗਤ ਖਰਚਿਆਂ ਲਈ ਬਾਜ਼ਾਰ ਤੋਂ ਘੱਟ ਵਿਆਜ ’ਤੇ ਕਰਜ਼ਾ ਲੈਣ ਵਿੱਚ ਮਦਦ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਬਜਟ ਦੀ ਘਾਟ ਕਾਰਨ ਕੋਈ ਕੰਮ ਨਹੀਂ ਰੁਕੇਗਾ ਅਤੇ 15,000 ਕਰੋੜ ਰੁਪਏ ਪਹਿਲਾਂ ਹੀ ਜਨਤਕ ਖਾਤੇ ਵਿੱਚ ਜਮ੍ਹਾਂ ਕਰਵਾਏ ਜਾ ਚੁੱਕੇ ਹਨ।
‘ਆਪ’ ’ਤੇ ਨਿਸ਼ਾਨਾ ਸੇਧਦਿਆਂ ਗੁਪਤਾ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਇੱਕ ਮਹਿਲਾ ਨੂੰ ਸੂਬੇ ਦੀ ਅਗਵਾਈ ਕਰਦਿਆਂ ਦੇਖ ਕੇ ਬੇਚੈਨ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਜਾਣਬੁੱਝ ਕੇ ਉਨ੍ਹਾਂ ਦੇ ਭਾਸ਼ਣਾਂ ਦੀਆਂ ਕੱਟੀਆਂ ਹੋਈਆਂ ਵੀਡੀਓਜ਼ ਵਾਇਰਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜੁਬਾਨ ਫਿਸਲਣ ਅਤੇ ਜਾਣਬੁੱਝ ਕੇ ਝੂਠ ਬੋਲਣ ਵਿੱਚ ਫਰਕ ਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਆਗੂਆਂ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਸਿੱਖ ਗੁਰੂਆਂ ਬਾਰੇ ਕੀਤੀਆਂ ਟਿੱਪਣੀਆਂ ਗਲਤੀ ਨਹੀਂ ਸਗੋਂ ਸੋਚੀ-ਸਮਝੀ ਸਾਜ਼ਿਸ਼ ਸੀ। ਜ਼ਿਕਰਯੋਗ ਹੈ ਕਿ ਆਤਿਸ਼ੀ ਦੀਆਂ ਟਿੱਪਣੀਆਂ ਕਾਰਨ ਹੋਏ ਹੰਗਾਮੇ ਕਰਕੇ ਇਜਲਾਸ ਇੱਕ ਦਿਨ ਵਧਾਇਆ ਗਿਆ ਸੀ।
ਭਾਜਪਾ ਵੱਲੋਂ ਆਤਿਸ਼ੀ ਖ਼ਿਲਾਫ਼ ਪ੍ਰਦਰਸ਼ਨ
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਖ਼ਿਲਾਫ਼ ਅੱਜ ਦਿੱਲੀ ਭਾਜਪਾ ਨੇ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੀ ਅਗਵਾਈ ਹੇਠ ਇਕੱਠੇ ਹੋਏ ਵਰਕਰਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਨੇੜੇ ਮੁਜ਼ਾਹਰਾ ਕੀਤਾ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਆਤਿਸ਼ੀ ਨੇ ਸਿੱਖਾਂ ਦੇ ਨੌਵੇਂ ਤੇਗ ਬਹਾਦਰ ਦਾ ਅਪਮਾਨ ਕੀਤਾ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਦਿੱਲੀ ਭਾਜਪਾ ਸਿੱਖ ਸੈੱਲ ਦੇ ਵੱਡੀ ਗਿਣਤੀ ਵਰਕਰ ਵੀ ਸ਼ਾਮਲ ਹੋਏ। ਭਾਜਪਾ ਵਰਕਰ ਵਿੰਡਸਰ ਪਲੇਸ ਨੇੜੇ ਇਕੱਠੇ ਹੋਏ ਅਤੇ ‘ਆਪ’ ਦਫ਼ਤਰ ਵੱਲ ਮਾਰਚ ਸ਼ੁਰੂ ਕੀਤਾ। ਪ੍ਰਦਰਸ਼ਨਕਾਰੀ ਆਤਿਸ਼ੀ ਦੇ ਅਸਤੀਫ਼ੇ ਅਤੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੁਆਫ਼ੀ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰ ਰਹੇ ਸਨ। ‘ਆਪ’ ਦਫ਼ਤਰ ਤੋਂ ਥੋੜ੍ਹੀ ਦੂਰ ਪਹਿਲਾਂ ਦਿੱਲੀ ਪੁਲੀਸ ਨੇ ਫਿਰੋਜ਼ਸ਼ਾਹ ਰੋਡ-ਮਾਧਵਰਾਓ ਸਿੰਧੀਆ ਮਾਰਗ ਦੀ ਲਾਲ ਬੱਤੀ ਨੇੜੇ ਭਾਰੀ ਬੈਰੀਕੇਡ ਲਗਾ ਕੇ ਭਾਜਪਾ ਵਰਕਰਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲੀਸ ਨੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਥੋੜ੍ਹੀ ਦੇਰ ਬਾਅਦ ਚੇਤਾਵਨੀ ਦੇ ਕੇ ਛੱਡ ਦਿੱਤਾ। ਇਸ ਮੌਕੇ ਸੰਸਦ ਮੈਂਬਰ ਕਮਲਜੀਤ ਸਹਿਰਾਵਤ, ਯੋਗੇਂਦਰ ਚੰਦੋਲੀਆ, ਜਨਰਲ ਸਕੱਤਰ ਵਿਸ਼ਨੂੰ ਮਿੱਤਲ, ਵਿਧਾਇਕ ਅਰਵਿੰਦਰ ਸਿੰਘ ਲਵਲੀ ਅਤੇ ਕੈਲਾਸ਼ ਗਹਿਲੋਤ ਵੀ ਮੌਜੂਦ ਸਨ। ਤਰੁਣ ਚੁੱਘ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਆਤਿਸ਼ੀ ਦਾ ਵਿਵਹਾਰ ਅਤੇ ਬਿਆਨ ਸਿੱਖ ਗੁਰੂਆਂ ਤੇ ਸਿੱਖ ਕਦਰਾਂ-ਕੀਮਤਾਂ ਦਾ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਜਰੀਵਾਲ ਦੇ ਇਸ਼ਾਰੇ ’ਤੇ ਦਿੱਤੇ ਜਾਂਦੇ ਬਿਆਨ ਸਿੱਧ ਕਰਦੇ ਹਨ ਕਿ ‘ਆਪ’ ਦਾ ਸਿੱਖ ਧਰਮ ਪ੍ਰਤੀ ਰਵੱਈਆ ਦੁਰਭਾਵਨਾਪੂਰਨ ਹੈ।
ਨਗਰ ਨਿਗਮ ’ਚ ਵੀ ਹੰਗਾਮਾ
ਦਿੱਲੀ ਨਗਰ ਨਿਗਮ ਦੇ ਸਦਨ ਵਿੱਚ ਵੀ ਅੱਜ ਭਾਜਪਾ ਤੇ ‘ਆਪ’ ਕੌਂਸਲਰਾਂ ਵਿਚਾਲੇ ਟਕਰਾਅ ਦੇਖਣ ਨੂੰ ਮਿਲਿਆ। ਭਾਜਪਾ ਕੌਂਸਲਰਾਂ ਨੇ ਦਿੱਲੀ ਵਿਧਾਨ ਸਭਾ ਵਿੱਚ ਆਤਿਸ਼ੀ ਵੱਲੋਂ ਕਥਿਤ ਤੌਰ ’ਤੇ ਗੁਰੂ ਤੇਗ ਬਹਾਦਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ‘ਆਪ’ ਦੇ ਕੌਂਸਲਰਾਂ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਦਿੱਲੀ ਕੈਬਨਿਟ ਮੰਤਰੀ ਕਪਿਲ ਮਿਸ਼ਰਾ ਖਿਲਾਫ ਮੋਰਚਾ ਖੋਲ੍ਹ ਦਿੱਤਾ। ‘ਆਪ’ ਕੌਂਸਲਰਾਂ ਨੇ ਮਿਸ਼ਰਾ ਦੇ ਅਸਤੀਫੇ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦਿੱਲੀ ਦੇ ਅਸਲ ਮੁੱਦਿਆਂ ਜਿਵੇਂ ਕਾਨੂੰਨ ਵਿਵਸਥਾ, ਪ੍ਰਦੂਸ਼ਣ ਅਤੇ ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਗਲਤ ਵੀਡੀਓ ਫੈਲਾ ਰਹੀ ਹੈ।

