ਨਵੀਂ ਦਿੱਲੀ: ਉੱਤਰੀ ਖੇਤਰ ਦੇ ਸੂਬਿਆਂ ਵਿਚ ਅੱਜ ਠੰਢ ਵਧ ਗਈ ਹੈ। ਜੰਮੂ-ਕਸ਼ਮੀਰ ਵਿੱਚ ਡੱਲ ਝੀਲ ਅਤੇ ਕਈ ਹੋਰ ਜਲ ਸਰੋਤਾਂ ਦੇ ਕਿਨਾਰਿਆਂ ’ਤੇ ਬਰਫ ਦੀ ਪਰਤ ਜੰਮ ਗਈ ਹੈ। ਦੂਜੇ ਪਾਸੇ ਕੌਮੀ ਰਾਜਧਾਨੀ ਅਤੇ ਉੱਤਰ ਪ੍ਰਦੇਸ਼ ਵਿੱਚ ਪਾਰਾ ਹੋਰ ਡਿੱਗ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੀ ਬਰਫਬਾਰੀ ਹੋਣ ਕਾਰਨ ਠੰਢ ਹੋਰ ਵਧ ਗਈ। ਇੱਥੋਂ ਦੇ 13 ਜ਼ਿਲ੍ਹਿਆਂ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾਂ ਅਤੇ ਚਾਰ ਵਿੱਚ ਜ਼ੀਰੋ ਦੇ ਨੇੜੇ ਹੈ।
ਜੰਮੂ-ਕਸ਼ਮੀਰ ਵਿੱਚ ਸ੍ਰੀਨਗਰ ਸਣੇ ਕਈ ਥਾਵਾਂ ’ਤੇ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ ਤੇ ਕਸ਼ਮੀਰ ਵਿਚ ਠੰਢ ਹੋਰ ਵਧ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਮੰਗਲਵਾਰ ਰਾਤ ਨੂੰ ਮਨਫ਼ੀ 1.6 ਡਿਗਰੀ ਸੈਲਸੀਅਸ ਤੋਂ 3.5 ਡਿਗਰੀ ਘੱਟ ਹੈ।ਇੱਥੋਂ ਦੇ ਸੈਲਾਨੀ ਕੇਂਦਰ ਸੋਨਮਰਗ ਤੇ ਗੰਦਰਬਲ ਸਭ ਤੋਂ ਠੰਢੇ ਰਹੇ ਜਿੱਥੇ ਤਾਪਮਾਨ ਤਾਪਮਾਨ ਮਨਫੀ 9.8 ਡਿਗਰੀ ਦਰਜ ਕੀਤਾ ਗਿਆ ਹੈ। ਗੁਲਮਰਗ ਵਿਚ ਰਾਤ ਦਾ ਤਾਪਮਾਨ ਮਨਫੀ 7.6 ਤੋਂ ਡਿੱਗ ਕੇ ਮਨਫੀ 9.2 ਡਿਗਰੀ ’ਤੇ ਆ ਗਿਆ ਹੈ। ਦੱਸਣਾ ਬਣਦਾ ਹੈ ਕਿ ਇਨ੍ਹਾਂ ਦਿਨਾਂ ਵਿਚ ਜੰਮੂ ਕਸ਼ਮੀਰ ਵਿਚ 40 ਦਿਨਾਂ ਦੀ ਭਰਵੀਂ ਠੰਢ ਦਾ ਦੌਰ ਚੱਲ ਰਿਹਾ ਹੈ।

