ਟਰੰਪ: ਰਾਹੁਲ ਨੇ ਮੋਦੀ ’ਤੇ ਤਨਜ਼ ਕੱਸਿਆ

ਟਰੰਪ: ਰਾਹੁਲ ਨੇ ਮੋਦੀ ’ਤੇ ਤਨਜ਼ ਕੱਸਿਆ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀਆਂ ਟਿੱਪਣੀਆਂ ’ਤੇ ਤਨਜ਼ ਕਸਦਿਆਂ ਕਿਹਾ, ‘ਫਰਕ ਸਮਝੋ, ਸਰ ਜੀ।’’ ਉਨ੍ਹਾਂ ਆਪਣਾ ਪੁਰਾਣਾ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਨ੍ਹਾਂ ਨੇ 1971 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅਮਰੀਕਾ ਦੇ ਦਬਾਅ ਅੱਗੇ ਨਾ ਝੁਕਣ ਦੀ ਗੱਲ ਕੀਤੀ ਸੀ।

ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਰੂਸ ਤੋਂ ਤੇਲ ਖਰੀਦਣ ਕਾਰਨ ਵਾਸ਼ਿੰਗਟਨ ਵੱਲੋਂ ਲਾਏ ਟੈਰਿਫ ਨੂੰ ਲੈ ਕੇ ‘ਉਨ੍ਹਾਂ ਤੋਂ ਖੁਸ਼ ਨਹੀਂ ਹਨ।’’ ਟਰੰਪ ਨੇ ‘ਹਾਊਸ ਜੀ ਓ ਪੀ ਮੈਂਬਰ ਰਿਟ੍ਰੀਟ’ ਵਿੱਚ ਆਪਣੇ ਸੰਬੋਧਨ ਦੌਰਾਨ ਇਹ ਵੀ ਦਾਅਵਾ ਕੀਤਾ, ‘‘ਪ੍ਰਧਾਨ ਮੰਤਰੀ ਮੋਦੀ ਮੈਨੂੰ ਮਿਲਣ ਆਏ ਅਤੇ ਉਨ੍ਹਾਂ ਕਿਹਾ- ‘ਸ੍ਰੀਮਾਨ ਜੀ, ਕੀ ਮੈਂ ਤੁਹਾਨੂੰ ਮਿਲ ਸਕਦਾ ਹਾਂ?’ ਮੈਂ ਕਿਹਾ ‘ਹਾਂ’।’’

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਆਪਣੀ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ, ਟਰੰਪ ਦੇ ਇਕ ਫੋਨ ’ਤੇ ਉਨ੍ਹਾਂ ਸਾਹਮਣੇ ਝੁਕ ਗਏ। ਪਰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ 1971 ਦੀ ਜੰਗ ਵਿੱਚ ਅਮਰੀਕਾ ਵੱਲੋਂ ਸੱਤਵਾਂ ਬੇੜਾ ਭੇਜੇ ਜਾਣ ਬਾਅਦ ਵੀ ਨਹੀਂ ਝੁਕੇ। ਉਨ੍ਹਾਂ ਕਿਹਾ, ‘‘ ਇਹ ਫਰਕ ਹੈ।’’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਟਰੰਪ ਦੀਆਂ ਟਿੱਪਣੀਆਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਮੋਦੀ ’ਤੇ ਤਨਜ਼ ਕੱਸਿਆ। ਟਰੰਪ ਨੇ ਭਾਰਤ ’ਤੇ 50 ਫੀਸਦੀ ਟੈਰਿਫ ਲਾਇਆ ਹੈ ਜਿਸ ਵਿਚੋਂ 25 ਫੀਸਦੀ ਰੂਸ ਤੋਂ ਤੇਲ ਖਰੀਦਣ ਕਾਰਨ ਲਾਇਆ ਗਿਆ ਹੈ।

Share: