ਭਾਰਤ ਦੀ ਵਿਕਾਸ ਦਰ 7.4 ਫੀਸਦੀ ਰਹਿਣ ਦਾ ਅਨੁਮਾਨ

ਭਾਰਤ ਦੀ ਵਿਕਾਸ ਦਰ 7.4 ਫੀਸਦੀ ਰਹਿਣ ਦਾ ਅਨੁਮਾਨ

ਨਵੀਂ ਦਿੱਲੀ: ਭਾਰਤੀ ਅਰਥਚਾਰੇ ਦੇ 2025-26 ਵਿੱਚ 7.4 ਫੀਸਦ ਦੀ ਦਰ ਨਾਲ ਵਧਣ ਦੀ ਸੰਭਾਵਨਾ ਹੈ। ਪਿਛਲੇ ਵਿੱਤੀ ਵਰ੍ਹੇ ਵਿੱਚ ਇਹ ਦਰ 6.5 ਫੀਸਦ ਸੀ। ਇਸ ਵਾਧੇ ਦਾ ਮੁੱਖ ਕਾਰਨ ਨਿਰਮਾਣ ਅਤੇ ਸੇਵਾ ਖੇਤਰਾਂ ਦਾ ਬਿਹਤਰ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਵੱਲੋਂ ਜਾਰੀ ਕੌਮੀ ਆਮਦਨ ਦੇ ਪਹਿਲੇ ਅਗਾਊਂ ਅਨੁਮਾਨਾਂ ਅਨੁਸਾਰ, ਨਿਰਮਾਣ ਅਤੇ ਉਸਾਰੀ ਖੇਤਰਾਂ ਵਿੱਚ 7 ਫੀਸਦੀ ਦੀ ਵਿਕਾਸ ਦਰ ਰਹਿਣ ਦਾ ਅਨੁਮਾਨ ਹੈ। ਮੰਤਰਾਲੇ ਨੇ ਕਿਹਾ, ‘‘ਸੇਵਾ ਖੇਤਰ ਵਿੱਚ ਤੇਜ਼ੀ ਵਿੱਤੀ ਵਰ੍ਹੇ 2025-26 ਵਿੱਚ 7.3 ਫੀਸਦ ਦੀ ਅਨੁਮਾਨਿਤ ਅਸਲ ਜੀ ਵੀ ਏ (ਕੁੱਲ ਮੁੱਲ ਵਾਧਾ) ਵਿਕਾਸ ਦਰ ਦਾ ਮੁੱਖ ਕਾਰਨ ਰਹੀ ਹੈ।’’ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਵਿਕਾਸ ਦਰ ਮੌਜੂਦਾ ਵਿੱਤੀ ਵਰ੍ਹੇ ਵਿੱਚ ਘਟ ਕੇ 3.1 ਫੀਸਦੀ ਰਹਿ ਗਈ ਹੈ, ਜੋ 2024-25 ਵਿੱਚ 4.6 ਫੀਸਦੀ ਸੀ। ਕੌਮੀ ਅੰਕੜਾ ਦਫ਼ਤਰ (ਐੱਨ ਐੱਸ ਓ) ਨੇ ਕਿਹਾ, ‘‘ਵਿੱਤੀ ਵਰ੍ਹੇ 2025-26 ਵਿੱਚ ਅਸਲ ਵਿਕਾਸ ਦਰ ਜਾਂ ਸਥਿਰ ਕੀਮਤਾਂ ’ਤੇ ਵਿਕਾਸ ਦਰ 201.90 ਲੱਖ ਕਰੋੜ ਰੁਪਏ ਦੇ ਪੱਧਰ ਤੱਕ ਪਹੁੰਚਣ ਦਾ ਅਨੁਮਾਨ ਹੈ; ਵਿੱਤੀ ਵਰ੍ਹੇ 2024-25 ਲਈ ਵਿਕਾਸ ਦਰ ਦਾ ਅੰਤ੍ਰਿਮ ਅਨੁਮਾਨ 187.97 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ ਇਹ 7.4 ਫੀਸਦੀ ਵਿਕਾਸ ਦਰ ਦਰਸਾਉਂਦਾ ਹੈ।’’

Share: