ਲੁਧਿਆਣਾ: 69ਵੀਆਂ ਕੌਮੀ ਸਕੂਲ ਖੇਡਾਂ ਦਾ ਅੱਜ ਇੱਥੋਂ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਉਦਘਾਟਨ ਹੋਇਆ। ਸਮਾਗਮ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਖੇਡਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਦੇਸ਼ ਭਰ ’ਚੋਂ ਆਏ ਖਿਡਾਰੀਆਂ ਨੂੰ ਪੰਜਾਬ ਆਉਣ ’ਤੇ ਜੀ ਆਇਆਂ ਕਿਹਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਗਿੱਧੇ ਅਤੇ ਭੰਗੜੇ ਦੀ ਪੇਸ਼ਕਸ਼ ਕੀਤੀ।
ਸਮਾਗਮ ਦਾ ਆਰੰਭ ਖਿਡਾਰੀਆਂ ਦੇ ਮਾਰਚ ਪਾਸਟ ਨਾਲ ਹੋਇਆ। ਕੌਮੀ ਖਿਡਾਰਨ ਸੰਦੀਪ ਕੌਰ ਨੇ ਸਾਰਿਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ; ਮਿਸ਼ਾਲ ਜਗਾਉਣ ਦੀ ਰਸਮ ਅਸ਼ਮੀਤ ਸਿੰਘ, ਖੁਸ਼ਵੀਰ ਕੌਰ ਤੇ ਹੋਰਾਂ ਨੇ ਨਿਭਾਈ। ਉਦਘਾਟਨੀ ਭਾਸ਼ਣ ਦਿੰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਦੇ ਖਿਡਾਰੀ ਹਰ ਖੇਡ ਵਿੱਚ ਮੱਲਾਂ ਮਾਰ ਰਹੇ ਹਨ। ਹਾਕੀ, ਕ੍ਰਿਕਟ ਤੇ ਫੁੱਟਬਾਲ ਦੀਆਂ ਕੌਮੀ ਟੀਮਾਂ ਦੀ ਅਗਵਾਈ ਪੰਜਾਬੀ ਕਪਤਾਨ ਹੀ ਕਰ ਰਹੇ ਹਨ। ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਨ ਦੇ ਮਕਸਦ ਨਾਲ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ 3100 ਨਵੇਂ ਸਟੇਡੀਅਮਾਂ ਦੇ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਚਲਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਝੰਡਾ ਲਹਿਰਾਉਣ ਤੇ ਰੰਗ-ਬਿਰੰਗੇ ਗੁਬਾਰੇ ਛੱਡ ਕੇ ਖੇਡਾਂ ਸ਼ੁਰੂ ਕਰਨ ਦੀ ਰਸਮ ਅਦਾ ਕੀਤੀ।
ਕੌਮੀ ਸਕੂਲ ਖੇਡਾਂ ਵਿੱਚ ਜੂਡੋ ਅੰਡਰ-16 (ਲੜਕੇ ਤੇ ਲੜਕੀਆਂ), ਤਾਈਕਵਾਂਡੋ ਅੰਡਰ-14 (ਲੜਕੀਆਂ) ਅਤੇ ਗੱਤਕਾ ਅੰਡਰ-19 (ਲੜਕੇ ਤੇ ਲੜਕੀਆਂ) ਦੇ ਰੋਮਾਂਚਕ ਮੁਕਾਬਲੇ ਹੋਣਗੇ। ਇਨ੍ਹਾਂ ਖੇਡਾਂ ਵਿੱਚ ਲਗਪਗ 1000 ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਮੁਕਾਬਲੇ 11 ਜਨਵਰੀ ਤੱਕ ਕਰਵਾਏ ਜਾਣਗੇ। ਖੇਡਾਂ ਮੌਕੇ ਖਿਡਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਸ਼ਹਿਰ ਦੇ ਵੱਖ-ਵੱਖ 36 ਸਕੂਲਾਂ ਵਿੱਚ ਕੀਤਾ ਗਿਆ ਹੈ।
