ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਹਾਈਵੇ ’ਤੇ ਗੰਭੀਰ ਬੇਨਿਯਮਿਆਂ ਤੋਂ ਔਖੇ ਖੇਤਰ ਵਾਸੀ

ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਹਾਈਵੇ ’ਤੇ ਗੰਭੀਰ ਬੇਨਿਯਮਿਆਂ ਤੋਂ ਔਖੇ ਖੇਤਰ ਵਾਸੀ

ਡੱਬਵਾਲੀ: ਡੱਬਵਾਲੀ ਹਲਕੇ ਵਿੱਚੋਂ ਲੰਘਦੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਹਾਈਵੇ (ਭਾਰਤਮਾਲਾ ਪ੍ਰੋਜੈਕਟ) ’ਤੇ ਟੋਲ ਸੰਚਾਲਕਾਂ ਦੀ ਮਨਮਾਨੀ ਤੇ ਲਾਪਰਵਾਹੀਆਂ ਰਾਹਗੀਰਾਂ ਲਈ ਜਾਨ ਦਾ ਖੋਅ ਬਣ ਰਹੀਆਂ ਹਨ। ਟੋਲ ਪਲਾਜ਼ਿਆਂ ’ਤੇ ਖਰਚਾ ਬਚਾਉਣ ਲਈ ਲੇਨਾਂ ਬੰਦ ਰੱਖਣ, ਸਰਵਿਸ ਰੋਡ ਤੋਂ ਗੈਰਕਾਨੂੰਨੀ ਤੌਰ ’ਤੇ ਫਾਸਟੈਗ ਕੱਟਣ ਤੇ ਅਮਲੇ ਦੇ ਆਰਥਿਕ ਸ਼ੋਸ਼ਣ ਜਿਹੇ ਮੁੱਦਿਆਂ ਕਰਕੇ ਸਥਾਨਕ ਲੋਕਾਂ ’ਚ ਤਿੱਖਾ ਰੋਸ ਹੈ। ਜਿਸ ਖਿਲਾਫ਼ ਅੱਜ ਚੌਟਾਲਾ ਟੋਲ ਨਾਕੇ ’ਤੇ ਵੱਡੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ।

ਕਿਸਾਨਾਂ ਅਤੇ ਰਾਹਗੀਰਾਂ ਦਾ ਦੋਸ਼ ਹੈ ਕਿ ਐਕਸਪ੍ਰੈਸ ਹਾਈਵੇ ਦੇ ਟੋਲ ਪਲਾਜ਼ਿਆਂ ’ਤੇ ਵਾਹਨਾਂ ਦੇ ਸਰਵਿਸ ਰੋਡ ਉੱਪਰੋਂ ਲੰਘਣ ’ਤੇ ਵੀ ਸੈਂਸਰਾਂ ਜਰੀਏ ਫਾਸਟੈਗ ਸਕੈਨ ਕਰਕ ਪੈਸੇ ਕੱਟੇ ਜਾ ਰਹੇ ਹਨ। ਚੌਟਾਲਾ, ਸ਼ੇਰਗੜ੍ਹ, ਅਬੁੱਬਸ਼ਹਿਰ, ਅਲੀਕਾਂ, ਡੱਬਵਾਲੀ ਤੇ ਜੋਗੇਵਾਲਾ ਟੋਲ ਪਲਾਜ਼ਿਆਂ ’ਤੇ ਸਟਾਫ਼ ਦਾ ਖਰਚਾ ਬਚਾਉਣ ਲਈ ਦਾਖਲੇ ਅਤੇ ਨਿਕਾਸ ਸਮੇਂ ਬੈਰੀਕੇਡ ਲਾ ਕੇ ਦੋ ਵਿੱਚੋਂ ਇੱਕ ਲੇਨਾਂ ਬੰਦ ਰੱਖੀਆਂ ਜਾਂਦੀਆਂ ਹਨ।
ਕਿਸਾਨਾਂ ਆਗੂ ਰਾਕੇਸ਼ ਫਾਗੋੜੀਆ ਨੇ ਸੰਘਣੀ ਧੁੰਦ ਵਿੱਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਕਾਰਨ ਹਰ ਵੇਲੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਰਾਕੇਸ਼ ਫਾਗੋੜੀਆਂ ਦਾ ਦੋਸ਼ ਹੈ ਕਿ ਸ਼ੇਰਗੜ੍ਹ ਟੋਲ ਦੇ ਨੇੜੇ ਕੁੱਝ ਲੋਕਾਂ ਨੂੰ ਨਿੱਜੀ ਲਾਭ ਪਹੁੰਚਾਉਣ ਲਈ ਸੈਂਕੜੇ ਵਾਹਨਾਂ ਨੂੰ ਗੈਰਕਾਨੂੰਨੀ ਢੰਗ-ਤਰੀਕੇ ਨਾਲ ਹਾਈਵੇ ਉੱਪਰ ਖੜ੍ਹਾ ਹੋਣ ਦਿੱਤਾ ਜਾਂਦਾ ਹੈ, ਜਿਸ ਕਰਕੇ ਅਕਸਰ ਹਾਦਸੇ ਵਾਪਰ ਰਹੇ ਹਨ। ਪਿਛਲੇ ਸਮੇਂ ਵਿੱਚ ਇਨ੍ਹਾਂ ਕਾਰਨਾਂ ਕਰਕੇ ਗੁਜਰਾਤ ਪੁਲੀਸ ਦੇ ਕਈ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ ਹੈ।
ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਟੋਲ ਮੁਲਾਜਮਾਂ ਦਾ ਵੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਸਿਰਫ਼ 9,500 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ, ਜਿਸਨੂੰ ਪੰਜਾਬ ਦੀ ਤਰਜ਼ ’ਤੇ ਵਧਾ ਕੇ 25 ਹਜ਼ਾਰ ਰੁਪਏ ਕੀਤਾ ਜਾਵੇ। ਉਨ੍ਹਾਂ ਮੁਤਾਬਕ ਟੋਲ ਪਲਾਜ਼ਿਆਂ ’ਤੇ ਹਰ ਸ਼ਿਫਟ ਵਿੱਚ ਬੇਹੱਦ ਘੱਟ ਮੁਲਾਜਮ ਰੱਖੇ ਹੋਏ ਹਨ। ਟੋਲ ਡਿਊਟੀ ਸਮਾਂ 8 ਘੰਟੇ ਨਿਰਧਾਰਤ ਕਰਨ ਅਤੇ ਸਰਦੀਆਂ ’ਚ ਹੀਟਰ ਤੇ ਗਰਮੀਆਂ ’ਚ ਏਸੀ ਸੁਵਿਧਾ ਯਕੀਨੀ ਹੋਣੀ ਚਾਹੀਦੀ ਹੈ।
 ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਸਮੇਤ ਕਿਸਾਨਾਂ ਟਰੈਕਟਰ, ਕੰਬਾਈਨ ਤੇ ਹੋਰ ਖੇਤੀ ਸੰਦਾਂ ਨੂੰ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਟੋਲ ਮੁਕਤ ਕੀਤਾ ਜਾਵੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਮੰਨੀਆਂ ਗਈਆਂ ਤਾਂ ਪੱਕਾ ਮੋਰਚਾ ਲਗਾ ਕੇ ਟੋਲ ਪਲਾਜ਼ਾ ਨੂੰ ‘ਮੁਫ਼ਤ’ ਕਰ ਦਿੱਤਾ ਜਾਵੇਗਾ।

ਕੋਈ ਲੇਨ ਜਾਣ-ਬੁੱਝ ਕੇ ਬੰਦ ਨਹੀਂ ਕੀਤੀ: ਮੈਨੇਜਰ

ਟੋਲ ਪ੍ਰਬੰਧਨ ਦੇ ਮੈਨੇਜਰ ਕੈਲਾਸ਼ ਚੌਹਾਨ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਕੋਈ ਲੇਨ ਜਾਣਬੁੱਝ ਕੇ ਬੰਦ ਨਹੀਂ ਕੀਤੀ ਗਈ। ਤਕਨੀਕੀ ਦਿੱਕਤ ਕਰਕੇ ਬੰਦ ਲੇਨਾਂ ਐੱਨਐਚਏਆਈ ਦੇ ਧਿਆਨ ਵਿੱਚ ਹਨ। ਜੇਕਰ ਸਰਵਿਸ ਰੋਡ ’ਤੇ ਟੋਲ ਕੱਟਿਆ ਜਾ ਰਿਹਾ ਤਾਂ 1033 ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁਜਾਹਰੇ ਸਬੰਧੀ ਉਨ੍ਹਾਂ ਕੋਲ ਕੋਈ ਸੂਚਨਾ ਨਹੀਂ ਹੈ।

Share: