ਇੰਫਾਲ: ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਹੋਏ ਦੋਹਰੇ ਧਮਾਕਿਆਂ ਦੀ ਜਾਂਚ ਕੌਮੀ ਜਾਂਚ ਏਜੰਸੀ (NIA) ਨੂੰ ਸੌਂਪ ਦਿੱਤੀ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਸਵੇਰੇ ਫੌਗਾਕਚਾਓ ਥਾਣਾ ਖੇਤਰ ਦੇ ਨਗੌਕੋਨ ਵਿਖੇ ਹੋਏ ਲਗਾਤਾਰ ਧਮਾਕਿਆਂ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਸਨ। ਪਹਿਲਾ ਧਮਾਕਾ,ਜਿਸ ਵਿੱਚ ਆਈਈਡੀ (IED) ਦੀ ਵਰਤੋਂ ਦਾ ਸ਼ੱਕ ਹੈ,ਸਵੇਰੇ ਕਰੀਬ 5:45 ਵਜੇ ਇੱਕ ਖਾਲੀ ਪਏ ਘਰ ਵਿੱਚ ਹੋਇਆ ਅਤੇ ਦੂਜਾ ਧਮਾਕਾ ਲਗਪਗ 200 ਮੀਟਰ ਦੀ ਦੂਰੀ ‘ਤੇ ਸਵੇਰੇ 8:45 ਵਜੇ ਹੋਇਆ,ਜਦੋਂ ਪਹਿਲੇ ਧਮਾਕੇ ਦੀ ਖ਼ਬਰ ਸੁਣ ਕੇ ਸਥਾਨਕ ਲੋਕ ਉੱਥੇ ਇਕੱਠੇ ਹੋਏ ਸਨ।
ਸੂਬਾਈ ਪੁਲੀਸ ਅਨੁਸਾਰ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹਿੰਸਾ ਨੂੰ ਰੋਕਣ ਲਈ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ ਤਾਂ ਜੋ ਸਥਿਤੀ ਹੋਰ ਨਾ ਵਿਗੜੇ। ਇਸ ਘਟਨਾ ਨੇ ਸੂਬੇ ਵਿੱਚ ਤਣਾਅ ਹੋਰ ਵਧਾ ਦਿੱਤਾ ਹੈ, ਜਿੱਥੇ ਮਈ 2023 ਤੋਂ ਚੱਲ ਰਹੀ ਨਸਲੀ ਹਿੰਸਾ ਵਿੱਚ 260 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਬੇਘਰ ਹੋ ਗਏ ਹਨ। ਜਿਸ ਘਰ ਵਿੱਚ ਪਹਿਲਾ ਧਮਾਕਾ ਹੋਇਆ, ਉਹ ਹਿੰਸਾ ਕਾਰਨ ਖਾਲੀ ਪਿਆ ਸੀ ਅਤੇ ਉਸ ਦਾ ਮਾਲਕ ਇਸ ਸਮੇਂ ਰਾਹਤ ਕੈਂਪ ਵਿੱਚ ਰਹਿ ਰਿਹਾ ਹੈ।
ਆਲ ਮਨੀਪੁਰ ਸਟੂਡੈਂਟਸ ਯੂਨੀਅਨ ਸਮੇਤ ਕਈ ਜਥੇਬੰਦੀਆਂ ਨੇ ਇਸ ਦੇ ਵਿਰੋਧ ਵਿੱਚ ਬੁੱਧਵਾਰ ਤੋਂ 24 ਘੰਟੇ ਦੇ ਸੂਬਾ ਵਿਆਪੀ ਬੰਦ ਦਾ ਸੱਦਾ ਦਿੱਤਾ ਹੈ, ਜਦਕਿ ਮੀਤੇਈ ਸਿਵਲ ਸੰਗਠਨ ਕੋਕੋਮੀ (COCOMI) ਨੇ ਮਾਮਲੇ ਦੀ ਤੁਰੰਤ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਫਰਵਰੀ 2025 ਵਿੱਚ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਅਸਤੀਫੇ ਤੋਂ ਬਾਅਦ ਮਣੀਪੁਰ ਵਿੱਚ ਇਸ ਸਮੇਂ ਰਾਸ਼ਟਰਪਤੀ ਸ਼ਾਸਨ ਲਾਗੂ ਹੈ।
