ਬੰਗਲਾਦੇਸ਼ ਵੱਲੋਂ ਆਈਪੀਐੱਲ ਦੇ ਪ੍ਰਸਾਰਨ ’ਤੇ ਰੋਕ

ਬੰਗਲਾਦੇਸ਼ ਵੱਲੋਂ ਆਈਪੀਐੱਲ ਦੇ ਪ੍ਰਸਾਰਨ ’ਤੇ ਰੋਕ

ਢਾਕਾ: ਬੰਗਲਾਦੇਸ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਟੀਮ ਵਿਚੋਂ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਬਾਹਰ ਕਰਨ ਤੋਂ ਬਾਅਦ ਆਪਣੇ ਦੇਸ਼ ਵਿਚ ਆਈਪੀਐਲ ਦੇ ਪ੍ਰਸਾਰਨ ’ਤੇ ਰੋਕ ਲਾ ਦਿੱਤੀ ਹੈ। ਇਸ ਦੌਰਾਨ ਬੰਗਲਾਦੇਸ਼ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਪ੍ਰਚਾਰ ਵੀ ਨਹੀਂ ਕੀਤਾ ਜਾ ਸਕੇਗਾ। ਇਹ ਪਾਬੰਦੀ ਅਣਮਿੱਥੇ ਸਮੇਂ ਲਈ ਲਾਈ ਗਈ ਹੈ। ਅਧਿਕਾਰੀਆਂ ਨੇ ਅੱਜ ਪੁਸ਼ਟੀ ਕੀਤੀ ਕਿ ਆਈਪੀਐਲ ਨਾਲ ਸਬੰਧਤ ਸਾਰੇ ਪ੍ਰਸਾਰਣ, ਪ੍ਰਚਾਰ ਅਤੇ ਪ੍ਰੋਗਰਾਮ ਕਵਰੇਜ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਗਲੇ ਆਦੇਸ਼ਾਂ ਤੱਕ ਅਜਿਹਾ ਹੀ ਰਹੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਜਨਤਕ ਹਿੱਤ ਵਿੱਚ ਲਿਆ ਗਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਉਨ੍ਹਾਂ ਇਸ ਫੈਸਲੇ ਬਾਰੀ ਬੀਸੀਸੀਆਈ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਖਿਡਾਰੀ ਨੂੰ ਟੀਮ ਵਿਚੋਂ ਬਾਹਰ ਕੱਢਣ ਦਾ ਕੋਈ ਸਪਸ਼ਟ ਕਾਰਨ ਨਹੀਂ ਦੱਸਿਆ ਗਿਆ ਜਿਸ ਕਾਰਨ ਬੰਗਲਾਦੇਸ਼ ਦੇ ਲੋਕਾਂ ਵਿਚ ਰੋਸ ਹੈ। ਇਸ ਤੋਂ ਪਹਿਲਾਂ ਭਾਰਤ ਭਰ ਵਿਚ ਮੰਗ ਕੀਤੀ ਗਈ ਸੀ ਕਿ ਸ਼ਾਹਰੁਖ ਖਾਨ ਦੀ ਮਾਲਕੀ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਨੂੰ ਬੰਗਲਾਦੇਸ਼ੀ ਕ੍ਰਿਕਟਰ ਮੁਸਤਫ਼ਿਜ਼ੁਰ ਰਹਿਮਾਨ ਨੂੰ ਟੀਮ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਸੀ ਕਿ ਬੰਗਲਾਦੇਸ਼ੀਆਂ ਵੱਲੋਂ ਘੱਟ ਗਿਣਤੀਆਂ ’ਤੇ ਕੀਤੇ ਗਏ ਅੱਤਿਆਚਾਰਾਂ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਅਜਿਹੇ ਹਾਲਾਤ ਵਿੱਚ ਮੁਸਤਫ਼ਿਜ਼ੁਰ ਰਹਿਮਾਨ ਨੂੰ ਟੀਮ ਵਿਚੋਂ ਕੱਢਣਾ ਚਾਹੀਦਾ ਹੈ।

Share: