ਧਰਮਕੋਟ: ਹਲਕੇ ਦੇ ਪਿੰਡ ਕੜਾਹੇ ਵਾਲਾ ਦੀ ਬਜ਼ੁਰਗ ਔਰਤ ਜਸਬੀਰ ਕੌਰ ਦੀ ਲਾਸ਼ ਨੂੰ ਗਾਇਬ ਕਰਨ ਦੇ ਦੋਸ਼ ਹੇਠ ਪੁਲੀਸ ਨੇ ਸਬੰਧਤ ਹਸਪਤਾਲ ਦੇ ਚਾਰ ਡਾਕਟਰਾਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿੰਡ ਕੜਾਹੇ ਵਾਲਾ ਦੇ ਸਾਬਕਾ ਸਰਪੰਚ ਜਸਵੰਤ ਸਿੰਘ ਦੀ ਪਤਨੀ ਜਸਬੀਰ ਕੌਰ ਨੂੰ ਬਿਮਾਰ ਹਾਲਾਤ ਵਿਚ ਲੁਧਿਆਣਾ ਦੇ ਉਰੀਸਨ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਜਿੱਥੇ 9 ਦਿਨ ਇਲਾਜ ਚੱਲਣ ਤੋਂ ਬਾਅਦ 19 ਦਸੰਬਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਬਜ਼ੁਰਗ ਮਹਿਲਾ ਦੇ ਲੜਕੇ ਵਿਦੇਸ਼ ਕੈਨੇਡਾ ਵਿੱਚ ਹੋਣ ਸਦਕਾ ਉਨ੍ਹਾਂ ਦੀ ਲਾਸ਼ ਨੂੰ ਉੱਥੇ ਹੀ ਹਸਪਤਾਲ ਦੇ ਮ੍ਰਿਤਕ ਦੇਹ ਸੰਭਾਲ ਘਰ ਵਿਖੇ ਜਮ੍ਹਾਂ ਕਰਵਾਇਆ ਗਿਆ ਸੀ। 22 ਦਸੰਬਰ ਨੂੰ ਜਦੋਂ ਵਿਦੇਸ਼ ਤੋਂ ਬੱਚਿਆਂ ਦੇ ਵਾਪਸ ਆਉਣ ਤੋਂ ਬਾਅਦ ਅੰਤਿਮ ਸੰਸਕਾਰ ਲਈ ਪਰਿਵਾਰ ਲਾਸ਼ ਨੂੰ ਹਸਪਤਾਲ ਤੋਂ ਲੈਣ ਗਿਆ ਤਾਂ ਲਾਸ਼ ਗਾਇਬ ਸੀ। ਇਸ ਮੌਕੇ ਹਸਪਤਾਲ ਪ੍ਰਸ਼ਾਸਨ ਵਲੋਂ ਬਦਲੇ ਵਿੱਚ ਕਿਸੇ ਹੋਰ ਮ੍ਰਿਤਕ ਮਹਿਲਾ ਦੀ ਲਾਸ਼ ਪਰਿਵਾਰ ਨੂੰ ਦੇਣ ਦੀ ਚਾਰਾਜੋਈ ਕੀਤੀ ਗਈ। ਹਸਪਤਾਲ ਪ੍ਰਸ਼ਾਸਨ ਇਹ ਵੀ ਦੱਸਣ ਵਿੱਚ ਨਾਕਾਮ ਰਿਹਾ ਹੈ ਕਿ ਬਜ਼ੁਰਗ ਮਹਿਲਾ ਦੀ ਲਾਸ਼ ਗਾਇਬ ਕਿਵੇਂ ਹੋ ਗਈ। ਇਸ ਮਾਮਲੇ ਨੂੰ ਲੈ ਕੇ ਪਰਿਵਾਰ ਅਤੇ ਹੋਰਨਾਂ ਸਮਾਜਿਕ ਜਥੇਬੰਦੀਆਂ ਨੇ ਹਸਪਤਾਲ ਅੰਦਰ ਰੋਸ ਪ੍ਰਦਰਸ਼ਨ ਕੀਤਾ ਜੋ ਦਿਨ ਭਰ ਚੱਲਦਾ ਰਿਹਾ।
ਇਸ ਤੋਂ ਬਾਅਦ ਪੁਲੀਸ ਵਲੋਂ ਹਸਪਤਾਲ ਦੇ ਕੁਝ ਹੇਠਲੇ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਸੀ ਲੇਕਿਨ ਪਰਿਵਾਰ ਇਸ ਤੋਂ ਸੰਤੁਸ਼ਟ ਨਹੀਂ ਹੋਇਆ ਅਤੇ ਪਰਿਵਾਰ ਨੇ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਸਘੰਰਸ਼ ਵਿੱਢ ਦਿੱਤਾ ਸੀ। ਆਖਰ 13 ਦਿਨ ਦੇ ਲੰਬੇ ਸੰਘਰਸ਼ ਤੋਂ ਬਾਅਦ ਪੁਲੀਸ ਨੇ ਹਸਪਤਾਲ ਦੇ ਮੁੱਖ ਡਾਕਟਰ ਨਿਰਮਲਜੀਤ ਸਿੰਘ ਮੱਲ੍ਹੀ, ਡਾਕਟਰ ਸੁਨੀਲ ਮਿੱਤਲ, ਡਾਕਟਰ ਰਾਜੀਵ ਗਰੋਵਰ ਅਤੇ ਡਾਕਟਰ ਮਨੀਸ਼ ਮਿੱਤਲ ਨੂੰ ਇਸ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਵੱਖਰੇ ਤੌਰ ਉੱਤੇ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਮੁਖੀ ਜਸਵੰਤ ਸਿੰਘ ਦਾ ਦੋਸ਼ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਲਾਸ਼ ਦੀ ਵਰਤੋਂ ਮਨੁੱਖੀ ਤੱਸਕਰੀ ਲਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਮਿਲਣ ਤਕ ਸੰਘਰਸ਼ ਜਾਰੀ ਰੱਖਣਗੇ।

