ਪਿਤਾ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ

ਪਿਤਾ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ

ਲੰਬੀ: ਪਿੰਡ ਮਿੱਡਾ ਵਿੱਚ ਅੱਜ ਪਿਤਾ ਵੱਲੋਂ ਆਪਣੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਕਰੀਬ 18 ਸਾਲਾ ਚਮਨਦੀਪ ਕੌਰ ਵਜੋਂ ਹੋਈ ਹੈ। ਇਸ ਧੀ ਦਾ ਕਸੂਰ ਸਿਰਫ਼ ਇਹ ਸੀ ਕਿ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ, ਜਦਕਿ ਉਸ ਦਾ ਪਿਤਾ ਇਸ ਦੇ ਖ਼ਿਲਾਫ਼ ਸੀ। ਇਸੇ ਗੱਲ ’ਤੇ ਅਕਸਰ ਘਰ ਵਿੱਚ ਕਲੇਸ਼ ਰਹਿੰਦਾ ਸੀ। ਚਮਨਦੀਪ ਕੌਰ ਮੁਹਾਲੀ ਸਥਿਤ ਸੀ ਜੀ ਸੀ ਕਾਲਜ ਵਿੱਚ ਬੀ.ਕਾਮ ਕਰ ਰਹੀ ਸੀ ਅਤੇ ਛੁੱਟੀਆਂ ਵਿੱਚ ਘਰ ਆਈ ਸੀ।

ਜਾਣਕਾਰੀ ਮੁਤਾਬਕ ਚਮਨਦੀਪ ਕੌਰ ਅੱਜ ਸਵੇਰੇ ਕਰੀਬ ਸੱਤ ਵਜੇ ਆਪਣੇ ਕਮਰੇ ਵਿੱਚ ਸੌਂ ਰਹੀ ਸੀ ਕਿ ਉਸ ਦੇ ਪਿਤਾ ਹਰਪਾਲ ਸਿੰਘ ਉਰਫ਼ ਪਾਲਾ ਨੇ ਕਹੀ ਨਾਲ ਉਸ ’ਤੇ ਕਈ ਵਾਰ ਕੀਤੇ। ਇਹ ਹਮਲਾ ਇੰਨਾ ਜਬਰਦਸਤ ਸੀ ਕਿ ਕਹੀ ਦੇ ਵਾਰ ਸਿੱਧੇ ਲੜਕੀ ਦੇ ਮੂੰਹ ਅਤੇ ਗਰਦਨ ’ਤੇ ਲੱਗੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਹਥਿਆਰ ਸਣੇ ਫ਼ਰਾਰ ਹੋ ਗਿਆ। ਇਸ ਤੋਂ ਘਬਰਾਈ ਮ੍ਰਿਤਕਾ ਦੀ ਮਾਂ ਜਸਵਿੰਦਰ ਕੌਰ ਨੇ ਰੌਲਾ ਪਾ ਦਿੱਤਾ ਅਤੇ 112 ’ਤੇ ਪੁਲੀਸ ਨੂੰ ਸੂਚਨਾ ਦੇ ਦਿੱਤੀ। ਥਾਣਾ ਕਬਰਵਾਲਾ ਦੀ ਮੁਖੀ ਹਰਪ੍ਰੀਤ ਕੌਰ ਪੁਲੀਸ ਅਮਲੇ ਸਮੇਤ ਤੁਰੰਤ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ।

ਸਵੇਰੇ ਮਾਂ-ਪਿਓ ’ਚ ਹੋਈ ਸੀ ਤਕਰਾਰ

ਮ੍ਰਿਤਕਾ ਦੀ ਮਾਂ ਜਸਵਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਚਮਨਦੀਪ ਕੌਰ ਦੀ ਪੜ੍ਹਾਈ ਸਬੰਧੀ ਅੱਜ ਸਵੇਰੇ ਉਨ੍ਹਾਂ ਦੋਵਾਂ (ਪਤੀ-ਪਤਨੀ) ਵਿਚਕਾਰ ਕਾਫ਼ੀ ਤਕਰਾਰ ਹੋਈ ਸੀ, ਜਿਸ ਉਪਰੰਤ ਗੁੱਸੇ ਵਿੱਚ ਉਸ ਦੇ ਪਤੀ ਨੇ ਹੱਤਿਆ ਕੀਤੀ। ਥਾਣਾ ਕਬਰਵਾਲਾ ਨੇ ਮ੍ਰਿਤਕਾ ਦੀ ਮਾਂ ਜਸਵਿੰਦਰ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਹਰਪਾਲ ਸਿੰਘ ਉਰਫ਼ ਪਾਲਾ ਵਾਸੀ ਮਿੱਡਾ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 103 (1) ਤਹਿਤ ਕੇਸ ਦਰਜ ਕੀਤਾ ਹੈ। ਫ਼ਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

Share: