ਪੰਜਾਬ ਮੰਡੀ ਬੋਰਡ ਨੇ ਛੇ ਕਰੋੜ ਬਚਾਏ

ਪੰਜਾਬ ਮੰਡੀ ਬੋਰਡ ਨੇ ਛੇ ਕਰੋੜ ਬਚਾਏ

ਚੰਡੀਗੜ੍ਹ: ਪੰਜਾਬ ਮੰਡੀ ਬੋਰਡ ਨੇ ‘ਬੱਚਤ ਫ਼ਾਰਮੂਲਾ’ ਤਹਿਤ ਪੁਰਾਣੇ ਕਰਜ਼ੇ ਦੀਆਂ ਅਗਾਊਂ ਕਿਸ਼ਤਾਂ ਲਾਹ ਕੇ ਕਰੀਬ ਛੇ ਕਰੋੜ ਰੁਪਏ ਬਚਾਏ ਹਨ। ਪਹਿਲਾਂ ਪੰਜਾਬ ਮੰਡੀ ਬੋਰਡ ਨੂੰ ਕਰਜ਼ੇ ਦੀ ਕਿਸ਼ਤ ਭਰਨ ਲਈ ਕਾਫ਼ੀ ਪਾਪੜ ਵੇਲਣੇ ਪੈਂਦੇ ਸਨ। ਹੁਣ ਜਦੋਂ ਮੰਡੀ ਬੋਰਡ ਨੂੰ ਸੰਪਤੀਆਂ ਦੀ ਨਿਲਾਮੀ ਤੋਂ ਚੰਗੀ ਕਮਾਈ ਹੋ ਗਈ ਤਾਂ ਬੋਰਡ ਨੇ ਪੁਰਾਣੇ ਕਰਜ਼ੇ ਖ਼ਤਮ ਕਰਨੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਦਿਹਾਤੀ ਵਿਕਾਸ ਫ਼ੰਡਾਂ ਦੇ ਕਰੀਬ ਅੱਠ ਹਜ਼ਾਰ ਕਰੋੜ ਰੁਪਏ ਰੋਕ ਰੱਖੇ ਹਨ। ਪੰਜਾਬ ਸਰਕਾਰ ਨੂੰ ਮੌਜੂਦਾ ਲਿੰਕ ਸੜਕਾਂ ਦੀ ਮੁਰੰਮਤ ਲਈ ਵੀ ਨਵਾਂ ਕਰਜ਼ਾ ਚੁੱਕਣਾ ਪਿਆ ਹੈ।

ਵੇਰਵਿਆਂ ਅਨੁਸਾਰ ਪਿਛਲੀ ਕਾਂਗਰਸ ਸਰਕਾਰ ਸਮੇਂ ਸਾਲ 2020-21 ਵਿੱਚ ਪੰਜਾਬ ਮੰਡੀ ਬੋਰਡ ਨੇ ਵਿਕਾਸ ਕੰਮਾਂ ਲਈ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਤੋਂ 1080 ਕਰੋੜ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਦੀ 108 ਕਰੋੜ ਦੀ ਕਿਸ਼ਤ ਦਸੰਬਰ 2025 ’ਚ ਦਿੱਤੀ ਜਾਣੀ ਸੀ ਅਤੇ 108 ਕਰੋੜ ਦੀ ਕਿਸ਼ਤ ਜੂਨ 2027 ’ਚ ਭਰਨੀ ਸੀ ਪ੍ਰੰਤੂ ਮੰਡੀ ਬੋਰਡ ਨੇ ਅਗਾਊਂ ਹੀ ਕਿਸ਼ਤਾਂ ਦੇ ਦਿੱਤੀਆਂ ਹਨ, ਜਿਸ ਸਦਕਾ ਦਸੰਬਰ 2025 ਵਾਲੀ ਕਿਸ਼ਤ ਅਗਾਊਂ ਦੇਣ ਨਾਲ 1.47 ਕਰੋੜ ਅਤੇ ਜੂਨ 2026 ਵਾਲੀ ਕਿਸ਼ਤ ਅਗਾਊਂ ਭਰਨ ਨਾਲ 4.45 ਕਰੋੜ ਬਚੇ ਹਨ।

ਪਤਾ ਲੱਗਿਆ ਹੈ ਕਿ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਦੀ ਆਖ਼ਰੀ ਕਿਸ਼ਤ 142.72 ਕਰੋੜ ਹੀ ਹੁਣ ਬਕਾਇਆ ਹੈ। ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਆਖਦੇ ਹਨ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਅੱਠ ਹਜ਼ਾਰ ਕਰੋੜ ਦੇ ਦਿਹਾਤੀ ਵਿਕਾਸ ਫ਼ੰਡ ਰੋਕਣ ਨਾਲ ਕਾਫ਼ੀ ਆਰਥਿਕ ਸੱਟ ਵੱਜੀ ਹੈ ਪ੍ਰੰਤੂ ਪੰਜਾਬ ਮੰਡੀ ਬੋਰਡ ਦੇ ਪਲਾਟਾਂ ਅਤੇ ਦੁਕਾਨਾਂ ਦੀ ਨਿਲਾਮੀ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਬੋਰਡ ਅਪਰੈਲ 2022 ਤੋਂ ਦਸੰਬਰ 2025 ਤੱਕ ਪੰਜਾਬ ਭਰ ’ਚ ਆਪਣੇ 1538 ਪਲਾਂਟਾਂ ਦੀ ਨਿਲਾਮੀ ਕਰ ਚੁੱਕਿਆ ਹੈ, ਜਿਸ ਤੋਂ ਬੋਰਡ ਨੂੰ 603.15 ਕਰੋੜ ਦੀ ਆਮਦਨ ਹੋਈ ਹੈ।

ਪਿਛਲੀ ਕਾਂਗਰਸ ਸਰਕਾਰ ਦੇ ਪੰਜ ਵਰ੍ਹਿਆਂ ਦੌਰਾਨ ਮੰਡੀ ਬੋਰਡ ਨੇ 163 ਪਲਾਟਾਂ ਦੀ ਨਿਲਾਮੀ ਕਰਕੇ 92.40 ਕਰੋੜ ਰੁਪਏ ਕਮਾਏ ਸਨ। ਉਸ ਤੋਂ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ 2012 ਤੋਂ 2017 ਦੌਰਾਨ 1606 ਪਲਾਟਾਂ ਦੀ ਨਿਲਾਮੀ ਕਰਕੇ 358.06 ਕਰੋੜ ਰੁਪਏ ਕਮਾਏ ਸਨ।

ਸਾਲ 2012 ਤੋਂ ਦਸੰਬਰ 2025 ਤੱਕ ਬੋਰਡ 3307 ਪਲਾਟਾਂ ਆਦਿ ਦੀ ਵਿਕਰੀ ਕਰ ਚੁੱਕਿਆ ਹੈ ਜਿਸ ਤੋਂ ਕੁੱਲ ਆਮਦਨ 1053.62 ਕਰੋੜ ਰੁਪਏ ਹੋਈ ਹੈ। ਅਧਿਕਾਰੀ ਆਖਦੇ ਹਨ ਕਿ ਮੰਡੀ ਬੋਰਡ ਦੀ ਸੰਪਤੀ ਦੀ ਵਿਕਰੀ ’ਚ ਕਾਫ਼ੀ ਰੁਚੀ ਦਿਖਾਈ ਗਈ ਹੈ ਅਤੇ ਲੋਕਾਂ ਨੇ ਹੱਥੋਂ ਹੱਥ ਦੁਕਾਨਾਂ ਤੇ ਪਲਾਟ ਖ਼ਰੀਦੇ ਹਨ। ਪਤਾ ਲੱਗਿਆ ਹੈ ਕਿ ਪੰਜਾਬ ਮੰਡੀ ਬੋਰਡ ਨੇ 12 ਹਜ਼ਾਰ ਅਣਵਿਕੀਆਂ ਸੰਪਤੀਆਂ ਦੀ ਸ਼ਨਾਖ਼ਤ ਮੁੱਢਲੇ ਪੜਾਅ ’ਤੇ ਕੀਤੀ ਸੀ। ਤਿੰਨ ਵਰ੍ਹਿਆਂ ’ਚ ਨਿਲਾਮ ਕੀਤੀਆਂ ਸੰਪਤੀਆਂ ’ਚ ਦੁਕਾਨਾਂ, ਸ਼ੋਅ ਰੂਮਜ਼, ਪਲਾਟ ਅਤੇ ਵਪਾਰਕ ਥਾਵਾਂ ਹਨ। ਪੰਜਾਬ ਮੰਡੀ ਬੋਰਡ ਨੇ ਤੇਲ ਪੰਪਾਂ ਲਈ ਕੁਝ ਥਾਵਾਂ ਲੀਜ਼ ’ਤੇ ਵੀ ਦਿੱਤੀਆਂ ਹਨ।

ਬੋਰਡ ਦੀ ਵਿਕੀ ਸੰਪਤੀ ’ਤੇ ਝਾਤ

ਨਿਲਾਮੀ ਦਾ ਸਮਾਂ / ਵਿਕੇ ਪਲਾਟਾਂ ਦੀ ਗਿਣਤੀ / ਆਮਦਨੀ

2012-2017 / 1606 / 358.06 ਕਰੋੜ

2017-2022 / 163 / 92.40 ਕਰੋੜ

2022- 2025 / 1538 / 603.15 ਕਰੋੜ

ਕੁੱਲ / 3307 / 1053.62 ਕਰੋੜ

Share: