ਕਰਾਚੀ: ਪਾਕਿਸਤਾਨ ਦੇ ਅੱਠ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਟਿੱਪਣੀਕਾਰਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੱਖ ’ਚ ਆਵਾਜ਼ ਬੁਲੰਦ ਕਰਨ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਅਤਿਵਾਦ ਵਿਰੋਧੀ ਅਦਾਲਤ ਨੇ ਯੂਟਿਊਬਰਾਂ ਆਦਿਲ ਰਾਜਾ ਤੇ ਸੱਯਦ ਅਕਬਰ ਹੁਸੈਨ ਅਤੇ ਪੱਤਰਕਾਰਾਂ ਵਜਾਹਤ, ਸਈਦ ਖ਼ਾਨ, ਸਾਬਿਰ ਸ਼ਕੀਰ ਤੇ ਸ਼ਾਹੀਨ ਸਹਿਬੀ, ਟਿੱਪਣੀਕਾਰਾਂ ਹੈਦਰ ਰਜ਼ਾ ਮਹਿਦੀ ਤੇ ਮੋਈਦ ਪੀਰਜ਼ਾਦਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ ਜੁਰਮਾਨਾ ਵੀ ਲਾਇਆ ਗਿਆ ਹੈ ਅਤੇ ਰਕਮ ਅਦਾ ਨਾ ਕਰਨ ’ਤੇ ਵਾਧੂ ਸਜ਼ਾ ਭੁਗਤਣੀ ਪਵੇਗੀ। ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਮੁਲਜ਼ਮ ਪਾਕਿਸਤਾਨ ’ਚ ਮੌਜੂਦ ਨਹੀਂ। ਅਦਾਲਤ ਨੇ ਉਨ੍ਹਾਂ ਨੂੰ ਅਤਿਵਾਦ ਨਾਲ ਸਬੰਧਤ ਮਾਮਲਿਆਂ ਦਾ ਦੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ’ਤੇ ਜੇਲ੍ਹ ’ਚ ਬੰਦ ਇਮਰਾਨ ਖ਼ਾਨ ਦੀ ਆਨਲਾਈਨ ਹਮਾਇਤ ਕਰਨ ਦਾ ਵੀ ਦੋਸ਼ ਹੈ। ਇਹ ਮਾਮਲਾ 9 ਮਈ 2023 ਨੂੰ ਹਿੰਸਕ ਪ੍ਰਦਰਸ਼ਨਾਂ ਨਾਲ ਜੁੜਿਆ ਹੋਇਆ ਹੈ, ਜਦੋਂ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਹਮਾਇਤੀਆਂ ਨੇ ਫ਼ੌਜੀ ਟਿਕਾਣਿਆਂ ’ਤੇ ਹਮਲੇ ਕੀਤੇ ਸਨ। ਆਪਣੇ ਹੁਕਮ ’ਚ ਅਦਾਲਤ ਨੇ ਕਿਹਾ ਹੈ ਕਿ ਪਾਕਿਸਤਾਨੀ ਕਾਨੂੰਨ ਤਹਿਤ ਮੁਲਜ਼ਮਾਂ ਦੀਆਂ ਕਾਰਵਾਈਆਂ ਅਤਿਵਾਦ ਦੇ ਘੇਰੇ ਤਹਿਤ ਆਉਂਦੀਆਂ ਹਨ ਅਤੇ ਉਨ੍ਹਾਂ ਦੀ ਆਨਲਾਈਨ ਸਮੱਗਰੀ ਨੇ ਸਮਾਜ ’ਚ ਡਰ ਤੇ ਅਸ਼ਾਂਤੀ ਦਾ ਮਾਹੌਲ ਪੈਦਾ ਕੀਤਾ ਸੀ।
Posted inNews
