ਘੱਟ ਗਿਣਤੀਆਂ ’ਤੇ ਤਸ਼ੱਦਦ ਚਿੰਤਾ ਦਾ ਵਿਸ਼ਾ: ਆਰਚਬਿਸ਼ਪ

ਪਣਜੀ: ਗੋਆ ਤੇ ਦਮਨ ਦੇ ਆਰਚਬਿਸ਼ਪ ਫਿਲਿਪ ਨੈਰੀ ਕਾਰਡੀਨਲ ਫੇਰਾਓ ਨੇ ਕਿਹਾ ਕਿ ਕੁਝ ਭਾਈਚਾਰਿਆਂ ’ਤੇ ਉਨ੍ਹਾਂ ਦੇ ਤਿਉਹਾਰ ਮਨਾਉਣ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਦੀ ਇਸ ’ਚ ਖਾਮੋਸ਼ ਸਹਿਮਤੀ ਹੈ। ਆਰਚਬਿਸ਼ਪ ਦਾ ਇਸ਼ਾਰਾ ਕ੍ਰਿਸਮਸ ਮੌਕੇ ਇਸਾਈਆਂ ’ਤੇ ਹੋਏ ਕਥਿਤ ਹਮਲਿਆਂ ਵੱਲ ਸੀ। ਨਵੇਂ ਸਾਲ ਦੇ ਸੁਨੇਹੇ ’ਚ ਉਨ੍ਹਾਂ ਹਾਲ ਹੀ ਦੇ ਦਿਨਾਂ ’ਚ ਘੱਟ ਗਿਣਤੀ ਭਾਈਚਾਰਿਆਂ ਵਿਚਾਲੇ ਵਧਦੀ ਅਸੁਰੱਖਿਆ ਦੀ ਭਾਵਨਾ ’ਤੇ ਚਿੰਤਾ ਜ਼ਾਹਿਰ ਕੀਤੀ।

ਉਨ੍ਹਾਂ ਦੇਸ਼ ਵਾਸੀਆਂ ਨੂੰ ਵੰਡਪਾਊ ਤਾਕਤਾਂ ਦਾ ਮੁਕਾਬਲਾ ਕਰਨ ਤੇ ਦੇਸ਼ ’ਚ ਏਕਾ ਬਣਾਏ ਰੱਖਣ ਲਈ ਇਕਜੁੱਟ ਹੋਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਭਾਈਚਾਰਿਆਂ ’ਤੇ ਉਨ੍ਹਾਂ ਦੇ ਸਭ ਤੋਂ ਪਿਆਰੇ ਤੇ ਅਹਿਮ ਤਿਉਹਾਰ ਮਨਾਉਣ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਅਕਸਰ ਅਧਿਕਾਰੀਆਂ ਦੀ ਚੁੱਪ-ਚਾਪ ਸਹਿਮਤੀ ਨਾਲ। ਉਨ੍ਹਾਂ ਕਿਹਾ, ‘‘ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ, ਮੈਂ ਘੱਟ ਗਿਣਤੀ ਭਾਈਚਾਰਿਆਂ ’ਚ ਹਾਲ ਹੀ ਦੇ ਦਿਨਾਂ ’ਚ ਵਧਦੀ ਅਸੁਰੱਖਿਆ ਦੀ ਭਾਵਨਾ ’ਤੇ ਚਿੰਤਾ ਜ਼ਾਹਿਰ ਕੀਤੇ ਬਿਨਾਂ ਨਹੀਂ ਰਹਿ ਸਕਦਾ। ਸਾਡੇ ਦੇਸ਼ ਦੇ ਕਈ ਹਿੱਸਿਆਂ ’ਚ ਹਾਲ ਹੀ ਵਿੱਚ ਕ੍ਰਿਸਮਸ ਸਮਾਗਮਾਂ ਦੌਰਾਨ ਇਸਾਈਆਂ ’ਤੇ ਹਮਲੇ ਹੋਏ ਹਨ। ਅਜਿਹੀਆਂ ਘਟਨਾਵਾਂ ਸਾਡੇ ਦੇਸ਼ ਦੇ ਨੈਤਿਕ ਤਾਣੇ-ਬਾਣੇ ਨੂੰ ਖਰਾਬ ਕਰਦੀਆਂ ਹਨ।’’ ਉਨ੍ਹਾਂ ਕਿਹਾ ਕਿ ਇਸਾਈ ਭਾਈਚਾਰਿਆਂ ਨੂੰ ਦੁੱਖ ਪਹੁੰਚਾਉਣ ਤੋਂ ਇਲਾਵਾ ਇਹ ਘਟਨਾਵਾਂ ਉਨ੍ਹਾਂ ਕਦਰਾਂ-ਕੀਮਤਾਂ ਦੀ ਉਲੰਘਣਾ ਹੈ ਜਿਨ੍ਹਾਂ ਲਈ ਭਾਰਤ ਹਮੇਸ਼ਾ ਖੜ੍ਹਾ ਰਿਹਾ ਹੈ।

Share: