ਪੰਜਾਬੀ ਗਾਣਿਆ ਦੀ ਵਿਦੇਸ਼ੀ ਮਾਡਲ ਨਾਲ 1.5 ਲੱਖ ਰੁਪਏ ਦੀ ਲੁੱਟ: ਮੋਬਾਈਲ ਖੋਹ ਕੇ ਫਰਾਰ ਹੋਏ ਲੁਟੇਰੇ

ਪੰਜਾਬੀ ਗਾਣਿਆ ਦੀ ਵਿਦੇਸ਼ੀ ਮਾਡਲ ਨਾਲ 1.5 ਲੱਖ ਰੁਪਏ ਦੀ ਲੁੱਟ: ਮੋਬਾਈਲ ਖੋਹ ਕੇ ਫਰਾਰ ਹੋਏ ਲੁਟੇਰੇ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਾਮ ਤਲਾਈ ਇਲਾਕੇ ਵਿੱਚ ਅੱਟਾਰੀ-ਵਾਹਗਾ ਸਰਹੱਦ ਤੋਂ ਵਾਪਸ ਪਰਤ ਰਹੀ ਇੱਕ ਵਿਦੇਸ਼ੀ ਮਹਿਲਾ ਸੈਲਾਨੀ ਤੋਂ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਵੱਲੋਂ 1.5 ਲੱਖ ਰੁਪਏ ਦੀ ਕੀਮਤ ਦਾ ਮੋਬਾਈਲ ਫ਼ੋਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਥਾਣਾ ਰਾਮਬਾਗ ਦੇ ਅਧਿਕਾਰ ਖੇਤਰ ਵਿੱਚ ਵਾਪਰੀ। ਪੁਲੀਸ ਨੇ ਪੀੜਤ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਲੰਡਨ ਦੀ ਰਹਿਣ ਵਾਲੀ ਪੀੜਤਾ ਲਾਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਵੀਡੀਓ ਪੋਸਟ ਕਰਕੇ ਆਪਣੇ ਨਾਲ ਵਾਪਰੀ ਘਟਨਾ ਅਤੇ ਸ਼ਹਿਰ ਦੇ ਆਪਣੇ ਤਜ਼ਰਬੇ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਉਹ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਮਾਡਲਿੰਗ ਵੀ ਕਰ ਚੁੱਕੀ ਹੈ। ਇਹ ਵਾਰਦਾਤ 31 ਅਕਤੂਬਰ ਨੂੰ ਵਾਪਰੀ ਸੀ। ਆਪਣਾ ਮਹਿੰਗਾ ਫ਼ੋਨ ਗੁਆਉਣ ਦੇ ਬਾਵਜੂਦ, ਸੈਲਾਨੀ ਮਹਿਲਾ ਨੇ ਘਟਨਾ ਤੋਂ ਬਾਅਦ ਉਸ ਦੀ ਮਦਦ ਕਰਨ ਵਾਲੇ ਇੱਕ ਆਟੋ ਰਿਕਸ਼ਾ ਚਾਲਕ ਅਤੇ ਹੋਟਲ ਮਾਲਕ ਦਾ ਧੰਨਵਾਦ ਪ੍ਰਗਟਾਇਆ। ਬਾਅਦ ਵਿੱਚ ਉਸ ਦੀ ਇੱਕ ਸਹੇਲੀ ਨੇ ਉਸ ਦੀ ਵਾਪਸੀ ਲਈ ਹਵਾਈ ਟਿਕਟ ਦਾ ਪ੍ਰਬੰਧ ਕੀਤਾ।

ਆਪਣੀ ਵੀਡੀਓ ਵਿੱਚ ਉਸ ਨੇ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਨੂੰ ਸਾਵਧਾਨ ਰਹਿਣ ਅਤੇ ਸ਼ਹਿਰ ਵਿੱਚ ਘੁੰਮਣ-ਫਿਰਨ ਦੌਰਾਨ ਆਪਣੇ ਮੋਬਾਈਲ ਫ਼ੋਨ ਅਤੇ ਹੋਰ ਕੀਮਤੀ ਸਮਾਨ ਨੂੰ ਸੁਰੱਖਿਅਤ ਰੱਖਣ ਦੀ ਸਲਾਹ ਦਿੱਤੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Share: