ਨਵੀਂ ਦਿੱਲੀ : ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਮੰਗਲਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਸੂਬੇ ਵਿੱਚ ਪਰਾਲੀ ਸਾੜਨ ਦੇ ਅੰਕੜਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਪਾਰਟੀ ਇਸ ਸਾਲ ਖੇਤਾਂ ਵਿੱਚ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰਨ ਦਾ ਦਾਅਵਾ ਕਰ ਰਹੀ ਹੈ ਅਤੇ ਦੂਜੇ ਪਾਸੇ ਕਿਸਾਨਾਂ ਖ਼ਿਲਾਫ਼ ਐੱਫ.ਆਈ.ਆਰ. (FIRs) ਦਰਜ ਕੀਤੀਆਂ ਜਾ ਰਹੀਆਂ ਹਨ। ਸਿਰਸਾ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਇਹ ਦਿਖਾਉਣ ਲਈ ਇਸ਼ਤਿਹਾਰਾਂ ’ਤੇ 20-25 ਕਰੋੜ ਰੁਪਏ ਖਰਚ ਕੀਤੇ ਹਨ ਕਿ ਇਸ ਸਾਲ ਸੂਬੇ ਵਿੱਚ ਪਰਾਲੀ ਸਾੜਨ ਦੀ ਕੋਈ ਘਟਨਾ ਨਹੀਂ ਵਾਪਰੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੇ ਦੋਸ਼ ਹੇਠ ਕਿਸਾਨਾਂ ਖ਼ਿਲਾਫ਼ 271 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਸਿਰਸਾ ਨੇ ਆਖਿਆ, “ਪਰਾਲੀ ਸਾੜਨ ਦੇ 1,000 ਤੋਂ ਵੱਧ ਮਾਮਲੇ ਸਾਡੇ ਸਾਹਮਣੇ ਹਨ ਅਤੇ 271 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।” ਉਨ੍ਹਾਂ ‘ਆਪ’ ਦੇ ਜਨਤਕ ਦਾਅਵਿਆਂ ਅਤੇ ਕਿਸਾਨਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧਾਭਾਸ ’ਤੇ ਸਵਾਲ ਚੁੱਕੇ।
ਦਿੱਲੀ ਦੇ ਪ੍ਰਦੂਸ਼ਣ ਵਿੱਚ ਪੰਜਾਬ ਵਿੱਚ ਪਰਾਲੀ ਸਾੜਨ ਦੇ ਯੋਗਦਾਨ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਮੰਤਰੀ ਨੇ ਕਿਹਾ ਕਿ ‘ਆਪ’ ਆਗੂ ਦਾਅਵਾ ਕਰ ਰਹੇ ਸਨ ਕਿ ਇਹ ਦੋਵੇਂ ਗੱਲਾਂ ਆਪਸ ਵਿੱਚ ਸਬੰਧਤ ਨਹੀਂ ਹਨ, ਜਦੋਂ ਕਿ ਸੂਬੇ ਵਿੱਚ ਕਿਸਾਨਾਂ ’ਤੇ ਪਰਚੇ ਦਰਜ ਕੀਤੇ ਜਾ ਰਹੇ ਹਨ।
ਸਿਰਸਾ ਨੇ ‘ਆਪ’ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ’ਤੇ “ਦਿੱਲੀ ਤੋਂ ਬਦਲਾ ਲੈਣ” ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹੇਠ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਵਿੱਚ ਹੋਏ ਸੁਧਾਰ ਤੋਂ ਪਾਰਟੀ ਅਸੁਖਾਵਾਂ ਮਹਿਸੂਸ ਕਰ ਰਹੀ ਹੈ। ਅਕਤੂਬਰ 2026 ਨੂੰ ਪਿਛਲੇ ਇੱਕ ਦਹਾਕੇ ਦਾ ਸਭ ਤੋਂ ਸਾਫ਼ ਅਕਤੂਬਰ ਕਰਾਰ ਦਿੰਦਿਆਂ ਸਿਰਸਾ ਨੇ ਕਿਹਾ ਕਿ ਦਿੱਲੀ ਵਿੱਚ ਇਸ ਸਾਲ ਹੁਣ ਤੱਕ 220 ਸਾਫ਼ ਹਵਾ ਵਾਲੇ ਦਿਨ ਦਰਜ ਕੀਤੇ ਗਏ ਹਨ।
ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਦਿੱਲੀ ਵਿੱਚ ਔਸਤ ਏ.ਕਿਊ.ਆਈ. (AQI) ਪਿਛਲੇ ਸਾਲਾਂ ਦੇ ਮੁਕਾਬਲੇ ਲਗਪਗ 10 ਫ਼ੀਸਦੀ ਘੱਟ ਰਿਹਾ ਹੈ। ਉਨ੍ਹਾਂ ਇਸ ਸੁਧਾਰ ਦਾ ਸਿਹਰਾ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਰਕਾਰ ਅਤੇ ਸ਼ਹਿਰ ਦੇ ਵਸਨੀਕਾਂ ਦੇ ਸਾਂਝੇ ਯਤਨਾਂ ਨੂੰ ਦਿੱਤਾ। ਸਿਰਸਾ ਦੇ ਇਨ੍ਹਾਂ ਦੋਸ਼ਾਂ ’ਤੇ ‘ਆਪ’ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ।

