Jay Shah ਦੂਜੇ ਕਾਰਜਕਾਲ ਲਈ ਆਈ ਸੀ ਸੀ ਦੇ ਚੇਅਰਮੈਨ ਨਿਯੁਕਤ

Jay Shah ਦੂਜੇ ਕਾਰਜਕਾਲ ਲਈ ਆਈ ਸੀ ਸੀ ਦੇ ਚੇਅਰਮੈਨ ਨਿਯੁਕਤ

ਬਾਲੀ : ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੈ ਸ਼ਾਹ ਨੂੰ ਦੋ ਸਾਲਾਂ ਦੇ ਦੂਜੇ ਕਾਰਜਕਾਲ ਲਈ ਮੁੜ ਤੋਂ ਬਿਨਾਂ ਕਿਸੇ ਵਿਰੋਧ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਆਈ ਸੀ ਸੀ ਨੇ ਕਿਹਾ ਕਿ ਇਸ ਨਾਲ “ਖੇਡ ਲਈ ਇੱਕ ਅਹਿਮ ਮੋੜ ‘ਤੇ ਨਿਰੰਤਰਤਾ” ਯਕੀਨੀ ਬਣੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਰਹਿ ਚੁੱਕੇ 38 ਸਾਲਾ ਜੈ ਸ਼ਾਹ ਨੇ ਦਸੰਬਰ 2024 ਵਿੱਚ ਆਈ ਸੀ ਸੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂੰ ਐਤਵਾਰ ਨੂੰ ਇੱਥੇ ਮੁਕੰਮਲ ਹੋਈਆਂ ਆਲਮੀ ਸੰਸਥਾ ਦੀਆਂ ਬੋਰਡ ਮੀਟਿੰਗਾਂ ਦੌਰਾਨ ਦੂਜੇ ਕਾਰਜਕਾਲ ਲਈ ਮੁੜ ਨਿਯੁਕਤ ਕੀਤਾ ਗਿਆ ਹੈ। ਆਈ ਸੀ ਸੀ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਫੈਸਲਾ ਸ਼ਾਹ ਦੀ ਅਗਵਾਈ ਵਿੱਚ ਬੋਰਡ ਦੇ ਭਰੋਸੇ ਨੂੰ ਦਰਸਾਉਂਦਾ ਹੈ ਅਤੇ ਖੇਡ ਲਈ ਇੱਕ ਅਹਿਮ ਮੋੜ ‘ਤੇ ਨਿਰੰਤਰਤਾ ਨੂੰ ਯਕੀਨੀ ਬਣਾਉਂਦਾ ਹੈ। ਆਲਮੀ ਪਸਾਰ, ਪ੍ਰਸ਼ੰਸਕਾਂ ਦੀ ਗਿਣਤੀ ਵਿੱਚ ਵਾਧਾ ਅਤੇ ਵਪਾਰਕ ਵਿਕਾਸ ਸਾਡੀ ਰਣਨੀਤਕ ਯੋਜਨਾ ਦਾ ਮੁੱਖ ਕੇਂਦਰ ਹਨ।”

ਜ਼ਿਕਰਯੋਗ ਹੈ ਕਿ ਕ੍ਰਿਕਟ 2028 ਵਿੱਚ ਲਾਸ ਏਂਜਲਸ ਖੇਡਾਂ ਰਾਹੀਂ ਓਲੰਪਿਕ ਵਿੱਚ ਵਾਪਸੀ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ। ਆਪਣੀ ਨਿਯੁਕਤੀ ‘ਤੇ ਜੈ ਸ਼ਾਹ ਨੇ ਆਈ ਸੀ ਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ, “ਆਈ ਸੀ ਸੀ ਬੋਰਡ ਵੱਲੋਂ ਮੇਰੇ ‘ਤੇ ਪ੍ਰਗਟਾਏ ਗਏ ਭਰੋਸੇ ਕਾਰਨ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਸਾਰੇ ਡਾਇਰੈਕਟਰਾਂ ਦੇ ਲਗਾਤਾਰ ਵਿਸ਼ਵਾਸ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦੀ ਹਾਂ।” ਉਨ੍ਹਾਂ ਕਿਹਾ, “ਆਈ ਸੀ ਸੀ ਚੇਅਰਮੈਨ ਵਜੋਂ ਕੰਮ ਕਰਨਾ ਮੇਰੇ ਲਈ ਸਨਮਾਨ ਦੇ ਨਾਲ-ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਮੈਂ ਦੁਨੀਆ ਭਰ ਵਿੱਚ ਕ੍ਰਿਕਟ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।”

Share: