ਨਵੀਂ ਦਿੱਲੀ : ਅੰਮ੍ਰਿਤਸਰ ਦੀ ਰਹਿਣ ਵਾਲੀ ਜਗਦੀਸ਼ ਕੌਰ ਅੱਜ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਵੱਲੋਂ 1984 ਦੇ ਸਿੱਖ ਕਤਲੇਆਮ ’ਤੇ ਕਰਵਾਏ ਜਾ ਰਹੇ ਇੱਕ ਰੋਜ਼ਾ ਸੰਮੇਲਨ ਵਿੱਚ ਮੁੱਖ ਭਾਗੀਦਾਰਾਂ ਵਿੱਚੋਂ ਇੱਕ ਹੋਵੇਗੀ। ਇਨਸਾਫ਼ ਲਈ ਲੰਮੀ ਚੱਲੀ ਕਾਨੂੰਨੀ ਲੜਾਈ ਦੌਰਾਨ ਜਗਦੀਸ਼ ਕੌਰ ਦੀ ਖੌਫ਼ਨਾਕ ਗਵਾਹੀ ਕਾਰਨ ਹੀ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਇੱਕ ਸਮੇਂ ਦੇ ਤਾਕਤਵਰ ਕਾਂਗਰਸੀ ਐਮਪੀ ਸੱਜਣ ਕੁਮਾਰ ਨੂੰ ਪਹਿਲੀ ਵਾਰ ਦੋਸ਼ੀ ਠਹਿਰਾਇਆ ਗਿਆ ਸੀ। 17 ਦਸੰਬਰ 2018 ਨੂੰ ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਉਲਟਾ ਦਿੱਤਾ ਸੀ, ਜਿਸ ਵਿੱਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਸੀ। ਸੱਜਣ ਕੁਮਾਰ ’ਤੇ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 2 ਨਵੰਬਰ 1984 ਨੂੰ ਦਿੱਲੀ ਦੀ ਪਾਲਮ ਕਲੋਨੀ ਰਾਜ ਨਗਰ ਵਿਖੇ ਜਗਦੀਸ਼ ਕੌਰ ਦੇ ਪਤੀ ਅਤੇ 18 ਸਾਲਾ ਪੁੱਤਰ ਦੇ ਕਤਲ ਦਾ ਦੋਸ਼ ਸੀ। ਜਗਦੀਸ਼ ਕੌਰ ਨੇ ‘ਦਿ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ, “ਇਹ ਲੜਾਈ ਬਹੁਤ ਹੀ ਤਕਲੀਫ਼ਦੇਹ ਰਹੀ ਹੈ। ਸਿਸਟਮ ਨੇ ਮੈਨੂੰ ਕਈ ਵਾਰ ਤੋੜਨ ਦੀ ਕੋਸ਼ਿਸ਼ ਕੀਤੀ। ਮੈਨੂੰ ਸੱਜਣ ਕੁਮਾਰ ਖ਼ਿਲਾਫ਼ ਕੇਸ ਵਾਪਸ ਲੈਣ ਦੇ ਬਦਲੇ 8 ਕਰੋੜ ਰੁਪਏ, ਇੱਕ ਪਲਾਟ ਅਤੇ ਵਿਦੇਸ਼ ਵਿੱਚ ਵਸਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਮੈਂ ਉਨ੍ਹਾਂ ਸਾਰਿਆਂ ਨੂੰ ਕਿਹਾ ਕਿ ਮੈਂ ਇੱਕ ਸਰਦਾਰਨੀ ਹਾਂ ਅਤੇ ਕਿਸੇ ਤੋਂ ਨਹੀਂ ਡਰਦੀ।” ਉਹ ਅੱਜ ਬੀਜੇਪੀ ਦੇ ਇਸ ਸੰਮੇਲਨ ਵਿੱਚ ਆਨਲਾਈਨ ਜ਼ਰੀਏ ਜੁੜਨਗੇ। ਜਗਦੀਸ਼ ਕੌਰ ਦੀ ਗਵਾਹੀ ਨੇ ਇਹ ਵੀ ਸਾਬਤ ਕਰ ਦਿੱਤਾ ਸੀ ਕਿ ਇਨ੍ਹਾਂ ਕਤਲਾਂ ਵਿੱਚ ਦਿੱਲੀ ਪੁਲੀਸ ਦੀ ਮਿਲੀਭੁਗਤ ਸੀ।
ਦਿੱਲੀ ਹਾਈ ਕੋਰਟ ਦੇ ਫੈਸਲੇ ਵਿੱਚ 1 ਅਤੇ 2 ਨਵੰਬਰ 1984 ਨੂੰ ਰਾਜ ਨਗਰ ਵਿੱਚ ਜਗਦੀਸ਼ ਕੌਰ ਦੇ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਦੇ ਮਾਮਲੇ ਵਿੱਚ ਇਕ ਤੱਥ ਦਰਜ ਹੈ। ਫੈਸਲੇ ਅਨੁਸਾਰ: “2 ਨਵੰਬਰ 1984 ਨੂੰ ਸਵੇਰੇ ਲਗਪਗ 9 ਵਜੇ ਜਦੋਂ ਜਗਦੀਸ਼ ਕੌਰ ਪੁਲੀਸ ਚੌਕੀ ਵਿੱਚ ਰਿਪੋਰਟ ਦਰਜ ਕਰਵਾਉਣ ਗਈ ਤਾਂ ਉਸ ਨੇ ਦੇਖਿਆ ਕਿ ਉੱਥੇ ਇੱਕ ਜਨਤਕ ਸਭਾ ਹੋ ਰਹੀ ਸੀ ਜਿਸ ਵਿੱਚ ਸਥਾਨਕ ਐਮਪੀ ਸੱਜਣ ਕੁਮਾਰ ਮੌਜੂਦ ਸੀ। ਉਸ ਨੇ ਸੱਜਣ ਕੁਮਾਰ ਨੂੰ ਇਹ ਐਲਾਨ ਕਰਦੇ ਸੁਣਿਆ ਕਿ ਇੱਕ ਵੀ ਸਿੱਖ ਬਚਣਾ ਨਹੀਂ ਚਾਹੀਦਾ ਤੇ ਜੋ ਹਿੰਦੂ ਉਨ੍ਹਾਂ ਨੂੰ ਸ਼ਰਨ ਦਿੰਦਾ ਹੈ ਉਸ ਦਾ ਵੀ ਘਰ ਸਾੜ ਦਿਓ ਤੇ ਉਸ ਨੂੰ ਵੀ ਮਾਰ ਦਿਓ।
ਅਦਾਲਤੀ ਫੈਸਲੇ ਵਿੱਚ ਅੱਗੇ ਦਰਜ ਹੈ ਕਿ ਜਗਦੀਸ਼ ਕੌਰ ਨੇ ਪੁਲੀਸ ਚੌਕੀ ਦੇ ਇੰਚਾਰਜ ਅਧਿਕਾਰੀ ਨੂੰ ਵੀ ਦੰਗਾਕਾਰੀਆਂ ਤੋਂ ਇਹ ਪੁੱਛਦੇ ਸੁਣਿਆ ਸੀ ਕਿ ਕਿੰਨੇ ਮੁਰਗੇ ਭੁੰਨ ਦਿੱਤੇ (ਕਿੰਨੇ ਸਿੱਖ ਮਾਰ ਦਿੱਤੇ)।
ਅਦਾਲਤ ਦੇ ਫੈਸਲੇ ਵਿੱਚ ਕਿਹਾ ਗਿਆ ਹੈ: “ਇਸ ਮੋੜ ’ਤੇ ਜਗਦੀਸ਼ ਕੌਰ ਨੇ ਕਿਹਾ ਸੀ ਕਿ ਉਸ ਦਾ ਮਨੁੱਖਤਾ ਤੋਂ ਵਿਸ਼ਵਾਸ ਉੱਠ ਗਿਆ ਸੀ।”
ਇਸ ਸਭ ਦੇ ਬਾਵਜੂਦ ਕੌਰ ਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਛੋਟੇ-ਮੋਟੇ ਕੰਮ ਕੀਤੇ ਅਤੇ ਇਨਸਾਫ਼ ਲਈ ਆਪਣੀ ਲੜਾਈ ਜਾਰੀ ਰੱਖੀ। ਉਹ ਆਪਣੇ ਇਸ ਸੰਘਰਸ਼ ਦੀ ਕਹਾਣੀ ਮੁੜ ਦੁਹਰਾਉਣਗੇ।

