Gurdwara Manji Sahib Firing: ਰਾਜੋਆਣਾ ਕਲਾਂ ਦੇ ਗੁਰੂ ਘਰ ਵਿਖੇ ਗੋਲ਼ੀਬਾਰੀ ਦੇ ਮੁੱਖ ਮੁਲਜ਼ਮ ਦੀ ਪੁਲੀਸ ਹਿਰਾਸਤ ’ਚ ਮੌਤ

Gurdwara Manji Sahib Firing: ਰਾਜੋਆਣਾ ਕਲਾਂ ਦੇ ਗੁਰੂ ਘਰ ਵਿਖੇ ਗੋਲ਼ੀਬਾਰੀ ਦੇ ਮੁੱਖ ਮੁਲਜ਼ਮ ਦੀ ਪੁਲੀਸ ਹਿਰਾਸਤ ’ਚ ਮੌਤ

ਗੁਰੂਸਰ ਸੁਧਾਰ : ਲੁਧਿਆਣਾ ਦੇ ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿੱਚ ਦਾਖ਼ਲ ਹੋ ਕੇ ਗੋਲ਼ੀਬਾਰੀ ਕਰਨ ਵਾਲੇ ਮੁੱਖ ਮੁਲਜ਼ਮ ਰਾਜ ਸਿੰਘ ਉਰਫ਼ ਰਾਜੂ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋ ਗਈ ਹੈ। ਸੋਮਵਾਰ ਸ਼ਾਮ ਨੂੰ ਜ਼ਿਲ੍ਹਾ ਪੁਲੀਸ ਮੁਖੀ ਡਾਕਟਰ ਅੰਕੁਰ ਗੁਪਤਾ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਰਾਜੂ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ ਸੀ। ਕਾਊਂਟਰ ਇੰਟੈਲੀਜੈਂਸ ਅਤੇ ਸੀ.ਆਈ.ਏ. (CIA) ਜਗਰਾਉਂ ਦੀਆਂ ਟੀਮਾਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਰਾਜ ਸਿੰਘ ਰਾਜੂ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਬੀਤੇ ਦਿਨ ਸ਼ਾਮ ਨੂੰ ਹੀ ਥਾਣਾ ਸੁਧਾਰ ਦੀ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਉਸ ਨੂੰ ਘਬਰਾਹਟ ਦੀ ਸ਼ਿਕਾਇਤ ਹੋਣ ’ਤੇ ਪਹਿਲਾਂ ਸਰਕਾਰੀ ਹਸਪਤਾਲ ਸੁਧਾਰ ਵਿੱਚ ਇਲਾਜ ਲਈ ਲਿਆਂਦਾ ਗਿਆ। ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਸੀ। ਇਲਾਜ ਦੌਰਾਨ ਮੌਤ ਹੋਣ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਹਾਲ ਦੀ ਘੜੀ ਚੁੱਪ ਧਾਰ ਲਈ ਹੈ।

ਇਸੇ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਵੀਡੀਓਗ੍ਰਾਫ਼ੀ ਦੌਰਾਨ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਕਾਬਲੇ-ਗ਼ੌਰ ਹੈ ਕਿ ਮ੍ਰਿਤਕ ਉੱਪਰ ਵੱਖ-ਵੱਖ ਥਾਣਿਆਂ ਵਿੱਚ ਲੁੱਟ-ਖੋਹ, ਅਸਲਾ ਐਕਟ ਅਤੇ ਨਸ਼ਾ ਤਸਕਰੀ ਦੇ 7 ਮੁਕੱਦਮੇ ਦਰਜ ਸਨ। ਪੁਲੀਸ ਸੂਤਰਾਂ ਅਨੁਸਾਰ ਮੁਲਜ਼ਮ ਕਾਫ਼ੀ ਅਰਸੇ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਗੁਰਦਿਆਂ (Kidneys) ਦੀ ਬਿਮਾਰੀ ਤੋਂ ਪੀੜਤ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਅਜੇ ਸੰਪਰਕ ਨਹੀਂ ਹੋ ਸਕਿਆ।

Share: