ਫਿਰੌਤੀ ਨਾ ਦੇਣ ’ਤੇ ਗੈਂਗਸਟਰਾਂ ਵੱਲੋਂ ਕਾਰੋਬਾਰੀ ਮਨੀਸ਼ ਚੋਪੜਾ ’ਤੇ ਮੁੜ ਹਮਲਾ; ਇਲਾਕੇ ’ਚ ਖ਼ੌਫ਼

ਫਿਰੌਤੀ ਨਾ ਦੇਣ ’ਤੇ ਗੈਂਗਸਟਰਾਂ ਵੱਲੋਂ ਕਾਰੋਬਾਰੀ ਮਨੀਸ਼ ਚੋਪੜਾ ’ਤੇ ਮੁੜ ਹਮਲਾ; ਇਲਾਕੇ ’ਚ ਖ਼ੌਫ਼

ਮਮਦੋਟ : ਸਰਹੱਦੀ ਕਸਬਾ ਮਮਦੋਟ ਵਿਖੇ ਫਿਰੌਤੀ ਦੀ ਮੰਗ ਨੂੰ ਲੈ ਕੇ ਗੈਂਗਸਟਰਾਂ ਵੱਲੋਂ ਕਾਰੋਬਾਰੀ ਮਨੀਸ਼ ਚੋਪੜਾ ਦੇ ਘਰ ’ਤੇ ਦੂਜੀ ਵਾਰ ਫਾਇਰਿੰਗ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬੀਤੀ ਰਾਤ ਕਰੀਬ 12 ਵਜੇ ਦੇ ਆਸ-ਪਾਸ ਹੋਈ ਇਸ ਫਾਇਰਿੰਗ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ’ਤੇ ਕਾਰੋਬਾਰੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਪੁਲੀਸ ਥਾਣਾ ਮਮਦੋਟ ਤੋਂ ਮਹਿਜ਼ 350 ਮੀਟਰ ਦੇ ਕਰੀਬ ਦੂਰੀ ’ਤੇ ਸਥਿਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰੋਬਾਰੀ ਮਨੀਸ਼ ਚੋਪੜਾ ਨੂੰ ਪਹਿਲਾਂ ਵੀ ਫਿਰੌਤੀ ਦੀ ਮੰਗ ਨੂੰ ਲੈ ਕੇ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਉਸ ਦੇ ਘਰ ’ਤੇ ਫਾਇਰਿੰਗ ਕੀਤੀ ਗਈ ਸੀ। ਪਹਿਲੀ ਘਟਨਾ ਤੋਂ ਬਾਅਦ ਪੁਲੀਸ ਵੱਲੋਂ ਮਨੀਸ਼ ਚੋਪੜਾ ਦੀ ਸੁਰੱਖਿਆ ਲਈ ਇੱਕ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤਾ ਗਿਆ ਸੀ। ਇਸ ਦੇ ਬਾਵਜੂਦ ਬੀਤੀ ਰਾਤ ਮੁੜ ਉਸ ਦੇ ਘਰ ’ਤੇ ਫਾਇਰਿੰਗ ਹੋਣ ਦੀ ਘਟਨਾ ਨੇ ਪੁਲਿਸ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।  ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਪੁਲੀਸ ਥਾਣੇ ਤੋਂ ਸਿਰਫ਼ ਸਾਢੇ ਤਿੰਨ ਸੌ ਮੀਟਰ ਦੇ ਕਰੀਬ ਦੂਰੀ ’ਤੇ ਸਥਿਤ ਘਰ ਨੂੰ ਗੈਂਗਸਟਰਾਂ ਵੱਲੋਂ ਬੇਖੌਫ਼ ਹੋ ਕੇ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾ ਤੋਂ ਇਲਾਕੇ ਦੇ ਕਾਰੋਬਾਰੀਆਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਲੋਕਾਂ ਵਿੱਚ ਇਹ ਚਰਚਾ ਹੈ ਕਿ ਜੇਕਰ ਥਾਣੇ ਦੇ ਇੰਨੇ ਨੇੜੇ ਫਾਇਰਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਆਮ ਲੋਕਾਂ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ।

ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਕਰਨ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਾਇਰਿੰਗ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਲਗਾਤਾਰ ਦੂਜੀ ਵਾਰ ਫਾਇਰਿੰਗ ਦੀ ਇਸ ਘਟਨਾ ਨੇ ਮਮਦੋਟ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਇਲਾਕਾ ਵਾਸੀਆਂ ਅਤੇ ਕਾਰੋਬਾਰੀ ਵਰਗ ਵੱਲੋਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕਾਰੋਬਾਰੀ ਮਨੀਸ਼ ਚੋਪੜਾ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇ।

Share: